ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਗਸਤ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀਆਂ ਕੁਝ ਸਰਾਵਾਂ ’ਤੇ ਸਰਕਾਰ ਵੱਲੋਂ ਜੀਐਸਟੀ ਲਾਏ ਜਾਣ ਕਾਰਨ ਨਾ ਸਿਰਫ ਸ਼੍ਰੋਮਣੀ ਕਮੇਟੀ ਖ਼ਫਾ ਹੈ ਸਗੋਂ ਗੁਰੂ ਘਰ ਆਉਣ ਵਾਲੇ ਸ਼ਰਧਾਲੂ ਵੀ ਨਾਰਾਜ਼ ਹਨ। ਇਸ ਟੈਕਸ ਨਾਲ ਉਨ੍ਹਾਂ ਦੀ ਜੇਬ੍ਹ ’ਤੇ ਵਾਧੂ ਬੋਝ ਪਵੇਗਾ।
ਇਸ ਸਬੰਧੀ ਕੇਂਦਰੀ ਵਿੱਤ ਮੰਤਰਾਲੇ ਵੱਲੋਂ 13 ਜੁਲਾਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਨਾਲ ਸਾਰੇ ਧਾਰਮਿਕ ਅਸਥਾਨਾਂ ਦੀਆਂ ਸਰਾਵਾਂ ਜੀਐਸਟੀ ਦੇ ਘੇਰੇ ਹੇਠ ਆ ਗਈਆਂ ਹਨ। ਇਸ ਨੋਟੀਫਿਕੇਸ਼ਨ ਨਾਲ ਸ੍ਰੀ ਦਰਬਾਰ ਸਾਹਿਬ ਕੈਂਪਸ ਤੋਂ ਬਾਹਰ ਬਣੀਆਂ ਸ਼੍ਰੋਮਣੀ ਕਮੇਟੀ ਦੀਆਂ ਤਿੰਨ ਸਰਾਵਾਂ ਬਾਬਾ ਦੀਪ ਸਿੰਘ ਯਾਤਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਐੱਨਆਰਆਈ ਨਿਵਾਸ ਵਿਖੇ ਠਹਿਰਨ ਵਾਲੇ ਯਾਤਰੂਆਂ ਕੋਲੋਂ ਬਾਰਾਂ ਫ਼ੀਸਦ ਜੀਐਸਟੀ ਵਸੂਲ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਾਵਾਂ ਵਪਾਰਕ ਮੰਤਵ ਲਈ ਨਹੀਂ ਬਣਾਈਆਂ ਗਈਆਂ। ਇਨ੍ਹਾਂ ਦੀ ਹੋਟਲ ਜਾਂ ਗੈਸਟ ਹਾਊਸ ਨਾਲ ਤੁਲਨਾ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮੰਤਰੀ ਨੂੰ ਅਪੀਲ ਕਰੇਗੀ ਕਿ ਉਹ ਇਸ ਫੈਸਲੇ ’ਤੇ ਮੁੜ ਵਿਚਾਰ ਕਰੇ।
ਸ਼੍ਰੋਮਣੀ ਕਮੇਟੀ ਦੇ ਸੇਵਾਮੁਕਤ ਕਰਮਚਾਰੀਆਂ ਦੀ ਜਥੇਬੰਦੀ ਸੇਵਾਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਤੇ ਹੋਰ ਆਗੂਆਂ ਕੁਲਵੰਤ ਸਿੰਘ ਰੰਧਾਵਾ, ਰਘਬੀਰ ਸਿੰਘ ਰਾਜਾਸਾਂਸੀ, ਦਿਲਜੀਤ ਸਿੰਘ ਬੇਦੀ, ਸਤਬੀਰ ਸਿੰਘ ਧਾਮੀ ਤੇ ਹੋਰਨਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਸਰਾਵਾਂ ਦੇ ਰੱਖ-ਰਖਾਅ ਲਈ ਇੱਥੇ ਠਹਿਰਨ ਵਾਲੇ ਯਾਤਰੀਆਂ ਕੋਲੋਂ ਨਾਮਾਤਰ ਕਿਰਾਇਆ ਲੈਂਦੀ ਹੈ। ਇਹ ਸ਼੍ਰੋਮਣੀ ਕਮੇਟੀ ਲਈ ਕੋਈ ਲਾਹੇਵੰਦਾ ਧੰਦਾ ਨਹੀਂ ਹੈ। ਇਸ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ।
ਐੱਨਆਰਆਈ ਨਿਵਾਸ ਦੇ ਕਮਰੇ ਦਾ ਕਿਰਾਇਆ 700 ਤੋਂ ਵੱਧ ਕੇ 784 ਰੁਪਏ ਹੋਇਆ
ਐਨਆਰਆਈ ਨਿਵਾਸ ਦੇ ਮੁਲਾਜ਼ਮ ਪ੍ਰਭਜੀਤ ਸਿੰਘ ਨੇ ਦੱਸਿਆ ਕਿ 17 ਜੁਲਾਈ ਤਕ ਇੱਥੇ ਠਹਿਰਣ ਵਾਲੇ ਸ਼ਰਧਾਲੂਆਂ ਕੋਲੋਂ ਕਮਰੇ ਦੇ ਇਕ ਦਿਨ ਦੇ ਕਿਰਾਏ ਵਜੋਂ ਸਿਰਫ਼ 700 ਸੌ ਰੁਪਏ ਵਸੂਲੇ ਜਾਂਦੇ ਸਨ ਪਰ ਅਠਾਰਾਂ ਜੁਲਾਈ ਤੋਂ ਇਕ ਕਮਰੇ ਦਾ ਇਕ ਦਿਨ ਦਾ ਕਿਰਾਇਆ ਵੱਧ ਕੇ 784 ਰੁਪਏ ਹੋ ਗਿਆ ਹੈ, ਜਿਸ ਵਿੱਚ 12 ਫੀਸਦੀਨ ਜੀਐੱਸਟੀ ਸ਼ਾਮਲ ਹੈ। ਇੱਥੇ ਠਹਿਰ ਆਏ ਸੁਰਿੰਦਰ ਸਿੰਘ ਵਾਸੀ ਰਾਏਬਰੇਲੀ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਹੁਣ ਸਰਾਵਾਂ ਵਿੱਚ ਠਹਿਰਨ ਵਾਸਤੇ ਵੀ ਸ਼ਰਧਾਲੂਆਂ ਨੂੰ ਟੈਕਸ ਦੇਣਾ ਪਵੇਗਾ। ਉਸ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਸਿਖਰ ’ਤੇ ਹੈ ਅਤੇ ਹੁਣ ਮੋਦੀ ਸਰਕਾਰ ਨੇ ਸਰਾਵਾਂ ’ਤੇ ਵੀ ਟੈਕਸ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਤੋਂ ਸੜਕ ਰਾਹੀਂ ਆਉਣ ਵਾਲੇ ਯਾਤਰੂਆਂ ਨੂੰ ਪਹਿਲਾਂ ਕਈ ਥਾਵਾਂ ’ਤੇ ਟੌਲ ਟੈਕਸ ਦੇਣਾ ਪੈਂਦਾ ਹੈ ਅਤੇ ਹੁਣ ਸਰਾਵਾਂ ਵਿੱਚ ਠਹਿਰਨ ਲਈ ਵੀ ਟੈਕਸ ਦੇਣਾ ਪਵੇਗਾ। ਹੈਦਰਾਬਾਦ ਤੋਂ ਆਏ ਗੁਰਚਰਨ ਸਿੰਘ ਛਾਬੜਾ, ਗੁਰਦੀਪ ਸਿੰਘ ਛਾਬੜਾ ਅਤੇ ਮੱਧ ਪ੍ਰਦੇਸ਼ ਤੋਂ ਆਏ ਦਰਸ਼ਨ ਸਿੰਘ ਤੇ ਹੋਰ ਸ਼ਰਧਾਲੂਆਂ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਹ ਫ਼ੈਸਲਾ ਵਾਪਸ ਲਵੇ।