ਸਰਬਜੀਤ ਸਿੰਘ ਭੱਟੀ
ਲਾਲੜੂ, 15 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪਲੇਠਾ ਕਿਸਾਨੀ ਸੈਮੀਨਾਰ ਮਹਾਰਾਣਾ ਪ੍ਰਤਾਪ ਭਵਨ, ਲਾਲੜੂ ਵਿੱਚ ਕਰਵਾਇਆ ਗਿਆ, ਜਿਸ ਵਿੱਚ ਯੂਨੀਅਨ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਪਾਰਟੀ ਨਾਲ ਨਹੀਂ, ਸਗੋਂ ਕਾਰਪੋਰੇਟ ਸਿਸਟਮ ਨਾਲ ਹੈ, ਜੋ ਲਗਾਤਾਰ ਲੋਕਾਂ ਦਾ ਸੋਸ਼ਣ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਦੱਪਰ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਜ਼ਮੀਨ ਦੀ ਫਰਦ ਦੀ ਸ਼ਰਤ ’ਤੇ ਟੌਲ ਵਿੱਚ ਦਿੱਤੀ ਛੋਟ ਨੂੰ ਸਿਰੇ ਤੋਂ ਰੱਦ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਲਾਕੇ ਦੇ ਸਾਰੇ ਲੋਕਾਂ ਨੂੰ ਆਧਾਰ ਕਾਰਡ ਦੇ ਆਧਾਰ ’ਤੇ ਛੋਟ ਨਾ ਦਿੱਤੀ ਤਾਂ ਅਗਲਾ ਸੰਘਰਸ਼ ਉਨ੍ਹਾਂ ਦੇ ਦਰਵਾਜ਼ੇ ’ਤੇ ਹੋਵੇਗਾ।
ਉਨ੍ਹਾਂ ਧਰਤੀ ਹੇਠਲੇ ਪਾਣੀ ਬਾਰੇ ਕਿਹਾ ਕਿ ਬਰਸਾਤੀ ਪਾਣੀ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਸ੍ਰੀ ਉਗਰਾਹਾਂ ਨੇ ਕਿਹਾ ਕਿ ਅੱਜ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ, ਮੁਲਾਜ਼ਮ ਤੇ ਵਪਾਰੀ ਦੀ ਹੋਂਦ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਕਰਕੇ ਸਰਕਾਰਾਂ ਨਾਲ ਟੱਕਰ ਲੈਣ ਦੀ ਲੋੜ ਹੈ। ਇਸ ਮੌਕੇ ਪਟਿਆਲਾ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ, ਮੇਜਰ ਸਿੰਘ, ਗੁਰਭਜਨ ਸਿੰਘ ਸੈਣੀ, ਗੁਰਚਰਨ ਸਿੰਘ ਜੌਲਾ, ਰਣਜੀਤ ਸਿੰਘ ਧਰਮਗੜ੍ਹ, ਜਵਾਲਾ ਸਿੰਘ ਫੌਜੀ, ਕਰਨੈਲ ਸਿੰਘ ਜੌਲਾ, ਸਰਪੰਚ ਬਲਿਹਾਰ ਸਿੰਘ ਬੱਲੀ ਅਮਲਾਲਾ, ਅਮਰੀਕ ਸਿੰਘ ਮਲਕਪੁਰ, ਡਾ. ਦਲੇਰ ਸਿੰਘ ਮੁਲਤਾਨੀ, ਮਦਨ ਪਾਲ ਰਾਣਾ ਨਗਲਾ, ਬਹਾਦਰ ਸਿੰਘ ਝਰਮੜੀ, ਨੰਬਰਦਾਰ ਹਰਪਾਲ ਸਿੰਘ ਭੁੱਖੜੀ, ਗੁਰਵਿੰਦਰ ਸਿੰਘ ਹਸਨਪੁਰ, ਜਸਵੰਤ ਸਿੰਘ ਕੁਰਲੀ ਮੌਜੂਦ ਸਨ।
ਕਣਕ ਬਰਾਮਦ ’ਤੇ ਰੋਕ ਦਾ ਫ਼ੈਸਲਾ ਕਿਸਾਨ ਮਾਰੂ: ਲੱਖੋਵਾਲ
ਮਾਛੀਵਾੜਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਪੰਜਾਬ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਬਰਾਮਦ ’ਤੇ ਰੋਕ ਲਾਉਣ ਦਾ ਫ਼ੈਸਲਾ ਕਿਸਾਨ ਮਾਰੂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗੋਦਾਮ ਅਨਾਜ ਨਾਲ ਭਰੇ ਪਏ ਹਨ ਅਤੇ ਲੱਖਾਂ ਟਨ ਅਨਾਜ ਸੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫੌਰੀ ਤੌਰ ’ਤੇ ਦੂਜੇ ਦੇਸ਼ਾਂ ਨੂੰ ਕਣਕ ਬਰਾਮਦ ਕਰ ਕੇ ਕੌਮਾਂਤਰੀ ਮਾਰਕੀਟ ਵਿਚ ਵਧੇ ਭਾਅ ਦਾ ਫ਼ਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਮੁਲਕਾਂ ਨੂੰ ਸਰਕਾਰ ਦੀ ਇਜਾਜ਼ਤ ਨਾਲ ਕਣਕ ਭੇਜਣ ਦਾ ਫ਼ੈਸਲਾ ਆਪਣੇ ਚਹੇਤੇ ਕਾਰਪੋਰੇਟ ਅਦਾਰਿਆਂ ਨੂੰ ਲਾਭ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ ਦੇ ਸੁੰਗੜਨ ਦੇ ਮਾਪਦੰਡ ਛੇ ਤੋਂ ਵਧਾ ਕੇ 18 ਫ਼ੀਸਦੀ ਕਰਨ ਦਾ ਫ਼ੈਸਲਾ ਕਿਸਾਨਾਂ ਵੱਲੋਂ ਸਸਤੇ ਭਾਅ ਵਿੱਚ ਕਣਕ ਵੇਚਣ ਮਗਰੋਂ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕਿ ਕਿਸਾਨੀ ਮਸਲੇ ਹੱਲ ਕਰਾਉਣ ਲਈ ਚੰਡੀਗੜ੍ਹ ਵਿੱਚ 17 ਮਈ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇ।