ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਘੁਟਾਲੇ ਸਬੰਧੀ ਹੁਣ ਨਗਰ ਨਿਗਮ ਨੂੰ ਪੱਤਰ ਲਿਖ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਪ੍ਰਾਜੈਕਟ ਦਾ ਪੂਰਾ ਰਿਕਾਰਡ ਦੇਣ ਲਈ ਆਖਿਆ ਹੈ। ਇਸ ਤੋਂ ਸਾਫ਼ ਹੈ ਕਿ ਵਿਜੀਲੈਂਸ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰੇਗੀ। ਹਾਲਾਂਕਿ ਦੋਵੇਂ ਜਾਇਦਾਦਾਂ ਦਾ ਨਿਗਮ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਨਗਰ ਸੁਧਾਰ ਟਰੱਸਟ ਕੋਲ ਜਾਇਦਾਦਾਂ ਦੀ ਮਲਕੀਅਤ ਤੇ ਖਰੀਦੋ-ਫਰੋਖ਼ਤ ਦਾ ਰਿਕਾਰਡ ਹੈ। ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀਆਂ ਦੇ ਦੱਸੇ ਜਾਂਦੇ ਹਨ। ਵਿਜੀਲੈਂਸ ਨੇ ਬੀਤੇ ਦਿਨੀਂ ਨਿਗਮ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਦੀ ਮਲਕੀਅਤ ਸਬੰਧੀ ਰਿਕਾਰਡ ਦੇਣ ਲਈ ਆਖਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ ਜਾਇਦਾਦਾਂ ਦਾ ਅਸਲੀ ਮਾਲਕ ਕੌਣ ਹੈ।