ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਪਰੈਲ
ਪੰਜਾਬ ਵਿੱਚ ਲਗਾਤਾਰ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ’ਤੇ ਸਖਤ ਵਰਤਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਾਰੇ ਐੱਸਐੱਸਪੀ ਅਤੇ ਪੁਲੀਸ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਦਿਆਂ ਸੂਬੇ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ ਦੇ ਹੁਕਮ ਦਿੱਤੇ। ਸ੍ਰੀ ਮਾਨ ਨੇ ਪੱਤਰ ਵਿੱਚ ਸਪੱਸ਼ਟ ਕੀਤਾ ਕਿ ਸੂਬੇ ਵਿੱਚੋਂ ਗੈਂਗਸਟਰਵਾਦ ਦੇ ਖਾਤਮੇ ਲਈ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਏਜੀਟੀਐੱਫ ਖੁਫੀਆ-ਅਧਾਰਤ ਕਾਰਵਾਈਆਂ ’ਤੇ ਧਿਆਨ ਕੇਂਦਰਿਤ ਕਰੇਗਾ ਅਤੇ ਤਾਲਮੇਲ ਵਾਲੀ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਨੇ ਪੁਲੀਸ ਵਿਭਾਗ ਤੋਂ ਪਿਛਲੇ ਕੁਝ ਸਮੇਂ ਵਿੱਚ ਹੋਏ 18/19 ਕਤਲ ਦੀਆਂ ਵਾਰਦਾਤਾਂ ਦੀ ਜਲਦੀ ਜਾਂਚ ਮੁਕੰਮਲ ਕਰਨ ਦੀ ਮੰਗ ਕੀਤੀ ਹੈ।
ਪ੍ਰਮੋਦ ਬਾਨ ਹੋਣਗੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਮੁਖੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਂ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਵਜੋਂ ਵਧੀਕ ਡੀਜੀਪੀ ਪ੍ਰਮੋਦ ਬਾਨ ਦੀ ਨਿਯੁਕਤੀ ਕੀਤੀ ਗਈ ਹੈ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਇਸ ਟਾਸਕ ਫੋਰਸ ਵਿੱਚ ਡੀਆਈਜੀ ਅਤੇ ਗੁਰਮੀਤ ਸਿੰਘ ਚੌਹਾਨ ਨੂੰ ਏਆਈਜੀ ਵਜੋਂ ਤਾਇਨਾਤ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਟਾਸਕ ਫੋਰਸ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹੋਰ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।