ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਗਸਤ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸੜਕਾਂ ਦੇ ਨਾਲ ਲਗਦੇ ਵਪਾਰਕ ਅਦਾਰਿਆਂ ਜਿਵੇਂ ਕਿ ਪੈਟਰੋਲ ਪੰਪ, ਮੈਰਿਜ ਪੈਲੇਸ, ਪ੍ਰਾਈਵੇਟ ਸਕੂਲ, ਪ੍ਰਾਈਵੇਟ ਹਸਪਤਾਲ, ਉਦਯੋਗਿਕ ਫੈਕਟਰੀਆਂ, ਹੋਟਲਾਂ/ਢਾਬੇ ਆਦਿ ਤੋਂ ਪਹੁੰਚ ਮਾਰਗ ਸਬੰਧੀ ਬਕਾਏ ਦੀ ਤੁਰੰਤ ਵਸੂਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਇੱਥੇ ਲੋਕ ਨਿਰਮਾਣ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਮੌਕੇ ਹਰਭਜਨ ਸਿੰਘ ਈਟੀਓ ਨੇ ਰਾਜ ਮਾਰਗਾਂ ਨਾਲ ਲੱਗਦੇ ਕਈ ਅਦਾਰਿਆਂ ਵੱਲੋਂ ਪਹੁੰਚ ਮਾਰਗ ਦੀ ਪ੍ਰਵਾਨਗੀ ਨਾ ਲੈਣ ਤੇ ਜਿਨ੍ਹਾਂ ਨੇ ਪ੍ਰਵਾਨਗੀ ਲਈ ਹੈ, ਉਨ੍ਹਾਂ ਵੱਲੋਂ ਬਣਦੀ ਫੀਸ ਜਮ੍ਹਾਂ ਨਾ ਕਰਵਾਉਣ ਕਾਰਨ ਮਾਲੀਏ ਨੂੰ ਹੋਣ ਵਾਲੇ ਨੁਕਸਾਨ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਫੀਲਡ ਅਧਿਕਾਰੀਆਂ ਨੂੰ ਇਸ ਸਬੰਧੀ ਵਸੂਲੀ ਲਈ ਸਮਾਂਬੱਧ ਯੋਜਨਾ ਤਿਆਰ ਕਰਕੇ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।