ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਮਈ
ਪੰਜਾਬ ਦੇ ਸਕੂਲਾਂ ਵਿੱਚ ਬਾਰ੍ਹਵੀਂ ਜਮਾਤ ਲਈ ਇਤਿਹਾਸ ਦੀ ਵਿਵਾਦਿਤ ਪੁਸਤਕ ਪੜ੍ਹਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲੇਖਕਾਂ ਅਤੇ ਪਬਲਿਸ਼ਰਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਮੁੱਖ ਮੰਤਰੀ ਦੇ ਨਿੱਜੀ ਦਖ਼ਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਸਬੰਧੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ‘ਪੰਜਾਬ ਦੇ ਇਤਿਹਾਸ’ (ਹਿਸਟਰੀ ਆਫ਼ ਪੰਜਾਬ) ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵਿਵਾਦਿਤ ਕਿਤਾਬਾਂ ਦੀ ਸਕੂਲਾਂ ਵਿੱਚ ਵਰਤੋਂ ’ਤੇ ਤੁਰੰਤ ਰੋਕ ਅਤੇ ਮਾਮਲੇ ਵਿੱਚ ਕੋਤਾਹੀ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਲਈ ਵੀ ਆਖਿਆ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਵੱਲੋਂ ਵਿਵਾਦਿਤ ਪੁਸਤਕਾਂ ਦੇ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਗਈ ਸੀ। ਇਸ ਮਗਰੋਂ ਸਿੱਖਿਆ ਵਿਭਾਗ ਨੇ ਪੜਤਾਲੀਆਂ ਅਫ਼ਸਰ ਆਈਪੀਐੱਸ ਮਲਹੋਤਰਾ ਦੀ ਮੁੱਢਲੀ ਜਾਂਚ ਅਨੁਸਾਰ ਕਾਰਵਾਈ ਕਰਦਿਆਂ ਮਾਡਰਨ ਪਬਲਿਸ਼ਰ ਦੇ ਮਾਡਰਨ ਏਬੀਸੀ ਆਫ਼ ਹਿਸਟਰੀ ਪੰਜਾਬ ਦੇ ਲੇਖਕ ਮਨਜੀਤ ਸਿੰਘ ਸੋਢੀ, ਮਾਡਰਨ ਬੁੱਕ ਡਿੱਪੂ (ਐੱਮਬੀਡੀ) ਦੇ ਮਹਿੰਦਰ ਪਾਲ ਕੌਰ, ਰਾਜ ਪਬਲਿਸ਼ਰਜ਼ (ਹਿਸਟਰੀ ਆਫ਼ ਪੰਜਾਬ ਦੇ ਲੇਖਕ) ਐੱਮਐੱਸ ਮਾਨ ਵਿਰੁੱਧ ਕਾਰਵਾਈ ਦੀ ਤਜਵੀਜ਼ ਰੱਖੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਉਧਰ, ਇਤਿਹਾਸ ਬਚਾਓ-ਸਿੱਖੀ ਬਚਾਓ ਮੋਰਚਾ ਤਹਿਤ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਿਆ ਬੋਰਡ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਅੱਜ 84ਵੇਂ ਦਿਨ ਵੀ ਜਾਰੀ ਰਿਹਾ।
ਕੁਲਤਾਰ ਸੰਧਵਾਂ ਵੱਲੋਂ ਬਲਦੇਵ ਸਿੰਘ ਸਿਰਸਾ ਨਾਲ ਮੁਲਾਕਾਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਰ ਸ਼ਾਮ ਸਿੱਖਿਆ ਬੋਰਡ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਬਲਦੇਵ ਸਿੰਘ ਸਿਰਸਾ ਅਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਜਥੇਦਾਰ ਸਿਰਸਾ ਨੇ ਸ੍ਰੀ ਸੰਧਵਾਂ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਪੁਸਤਕਾਂ ਵੀ ਦਿਖਾਈਆਂ। ਸਪੀਕਰ ਨੇ ਕਿਹਾ ਕਿ ਪਾਠਕ੍ਰਮ ਵਿੱਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪਰੋਸਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।