ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੁਲਾਈ
ਡਿਪਟੀ ਕਮਿਸ਼ਨਰ-ਕਮ-ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਸਚਿਨ ਜੈਨ ਕਤਲ ਕਾਂਡ ਦੇ ਮਾਮਲੇ ਵਿਚ ਉਨ੍ਹਾਂ ਹਸਪਤਾਲਾਂ ਵਿਰੁੱਧ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ ਨੇ ਜ਼ਖ਼ਮੀ ਹੋਏ ਸਚਿਨ ਜੈਨ ਨੂੰ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਸੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ ਜਿਸ ਵਿਚ ਪੀਸੀਐੱਸ ਅਧਿਕਾਰੀ ਅਤੇ ਦੋ ਡਾਕਟਰ ਸ਼ਾਮਲ ਹਨ। ਇਹ ਕਮੇਟੀ ਤਿੰਨਾਂ ਦਿਨਾਂ ਵਿਚ ਰਿਪੋਰਟ ਦੇਵੇਗੀ। ਇਸ ਤੋਂ ਪਹਿਲਾਂ ਵਿਧਾਇਕ ਰਜਿੰਦਰ ਬੇਰੀ ਅਤੇ ਐੱਸਐੱਸ ਜੈਨ ਸਭਾ ਦੇ ਪ੍ਰਧਾਨ ਸੱਤਪਾਲ ਜੈਨ ਦੀ ਅਗਵਾਈ ਵਿਚ ਵਫ਼ਦ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਮਿਲਿਆ ਸੀ, ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਸੋਢਲ ਰੋਡ ’ਤੇ ਕਰਿਆਨੇ ਦੀ ਦੁਕਾਨ ਕਰ ਰਹੇ ਸਚਿਨ ਜੈਨ ਨੂੰ ਲੰਘੀ 19 ਜੁਲਾਈ ਦੀ ਰਾਤ ਨੂੰ ਉਦੋਂ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਦੁਕਾਨ ਬੰਦ ਕਰ ਰਿਹਾ ਸੀ। ਜ਼ਖ਼ਮੀ ਹੋਏ ਸਚਿਨ ਜੈਨ ਨੂੰ ਉਸ ਦੇ ਦੋਸਤ ਐਕਟਿਵਾ ’ਤੇ ਲੈ ਕੇ ਹਸਪਤਾਲ-ਦਰ-ਹਸਪਤਾਲ ਘੁੰਮਦੇ ਰਹੇ ਪਰ ਚਾਰ ਹਸਪਤਾਲਾਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ। ਇਥੋਂ ਤੱਕ ਕਿ ਸਿਵਲ ਹਸਪਤਾਲ ਵਿਚ ਵੀ ਉਸ ਦੇ ਇਲਾਜ ਦੌਰਾਨ ਦੇਰੀ ਕੀਤੀ ਗਈ ਤੇ ਬਾਅਦ ਵਿਚ ਉਥੋਂ ਵੀ ਉਸ ਨੂੰ ਕਿਸੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਡੀਸੀ ਵੱਲੋਂ ਬਣਾਈ ਕਮੇਟੀ ਵੱਲੋਂ ਉਨ੍ਹਾਂ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ ਕਿ ਨਿੱਜੀ ਹਸਪਤਾਲਾਂ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਚਿਨ ਜੈਨ ਨੂੰ ਆਖ਼ਰ ਦਾਖ਼ਲ ਕਿਉਂ ਨਹੀਂ ਸੀ ਕੀਤਾ।