ਨਵਕਿਰਨ ਸਿੰਘ
ਮਹਿਲ ਕਲਾਂ, 23 ਅਪਰੈਲ
ਮਹਿਲ ਕਲਾਂ ਦੀ ਪੁਲੀਸ ਨੇ ਅੱਜ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ’ਤੇ ਔਰਬਿਟ ਟਰਾਂਸਪੋਰਟ ਦੀ ਬੱਸ ਥਾਣੇ ਬੰਦ ਕਰ ਦਿੱਤੀ ਹੈ ਜਦਕਿ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਮਹਿਲ ਕਲਾਂ ਦੀ ਪੁਲੀਸ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬਰਨਾਲਾ ਵਾਲੇ ਪਾਸੇ ਤੋਂ ਲੁਧਿਆਣਾ ਜਾਣ ਵਾਲੀ ਔਰਬਿਟ ਟਰਾਂਸਪਸੋਰਟ ਬਠਿੰਡਾ ਦੀ ਬੱਸ ਵਿੱਚ ਪੰਜਾਹ ਫੀਸਦ ਦੀ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਸਨ। ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਕੋਵਿਡ-19 ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਔਰਬਿਟ ਬੱਸ ਦੇ ਡਰਾਈਵਰ ਜਗਮੀਤ ਸਿੰਘ ਵਾਸੀ ਲਹਿਰਾ ਮੁਹੱਬਤ ਅਤੇ ਕੰਡਕਟਰ ਜਸਵੀਰ ਸਿੰਘ ਵਾਸੀ ਬਠਿੰਡਾ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਮੌਕੇ ’ਤੇ ਜ਼ਮਾਨਤ ਦੇ ਦਿੱਤੀ ਗਈ ਜਦਕਿ ਬੱਸ ਥਾਣੇ ਬੰਦ ਕੀਤੀ ਗਈ ਹੈ।