ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 3 ਅਪਰੈਲ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਚਾਇਤਾਂ ਕੋਲੋਂ ਗਰਾਂਟਾਂ ਦੀ ਰਾਸ਼ੀ ਵਾਪਸ ਮੰਗਵਾਏ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਦੇ ਵਿਕਾਸ ਕੰਮ ਅਧਵਾਟੇ ਰੁਕ ਜਾਣਗੇ ਅਤੇ ਨਿੱਤ ਦਿਨ ਮਹਿੰਗੀਆਂ ਹੋ ਰਹੀਆਂ ਵਸਤਾਂ ਕਾਰਨ ਸਬੰਧਤ ਕਾਰਜ ਮੁਕੰਮਲ ਕਰਨ ਵਿਚ ਦੁੱਗਣਾ ਖਰਚਾ ਆਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਆਖਿਆ ਕਿ ‘ਆਪ’ ਸਰਕਾਰ ਨੂੰ ਉਨ੍ਹਾਂ ਪੰਚਾਇਤਾਂ ਕੋਲੋਂ ਪੈਸੇ ਵਾਪਸ ਮੰਗਾਉਣੇ ਚਾਹੀਦੇ ਹਨ, ਜਿਨ੍ਹਾਂ ਵੱਲੋਂ ਗਰਾਂਟਾਂ ਦੀ ਕੋਈ ਰਾਸ਼ੀ ਖਰਚੀ ਨਹੀਂ ਗਈ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਵਿਕਾਸ ਦੇ ਕੰਮ ਆਰੰਭੇ ਹੋਏ ਹਨ, ਉਨ੍ਹਾਂ ਕੋਲੋਂ ਪੈਸੇ ਵਾਪਸ ਮੰਗਾਉਣੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਫ਼ੈਸਲੇ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ।