ਸ਼ਗਨ ਕਟਾਰੀਆ
ਜੈਤੋ, 3 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਦਲ ਨੂੰ ਖਦੇੜਣ ਲਈ ਗੁਰਦੁਆਰਾ ਚੋਣਾਂ ਵਿੱਚ ਮਨਜੀਤ ਸਿੰਘ ਜੀਕੇ ਨੂੰ ਸਰਨਾ ਭਰਾਵਾਂ ਅਤੇ ਭਾਈ ਰਣਜੀਤ ਸਿੰਘ ਵਾਲੇ ਗੱਠਜੋੜ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਅੱਜ ਪਿੰਡ ਦਬੜ੍ਹੀਖਾਨਾ ’ਚ ਜਨਤਕ ਇਕੱਠ ਦੌਰਾਨ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ’ਤੇ ਤਾਨਸ਼ਾਹ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਮਹੂਰੀ ਕਦਰਾਂ-ਕੀਮਤਾਂ ਛਿੱਕੇ ਟੰਗਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਹਾਲੇ ਤਕ ਸਪੱਸ਼ਟ ਨਹੀਂ ਕੀਤਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਤਖ਼ਤਾਂ ਦੇ ਜਥੇਦਾਰਾਂ ਤੋਂ ਮੁਆਫ਼ ਕਿਉਂ ਕਰਾਇਆ ਗਿਆ ਅਤੇ ਇਹ ਸੌਦਾ ਕਿੱਥੇ ਤੈਅ ਹੋਇਆ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਤੀਜੇ ਫਰੰਟ ਦੀ ਕਾਇਮੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ (ਡੈਮੋਕ੍ਰੈਟਿਕ) ਵੱਲੋਂ ਅਕਾਲੀ ਦਲ (ਬਾਦਲ), ਭਾਜਪਾ ਤੇ ਕਾਂਗਰਸ ਤੋਂ ਇਲਾਵਾ ਕਿਸੇ ਵੀ ਸਿਆਸੀ ਧਿਰ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਨੇ ਜਲਾਲਾਬਾਦ ਤੋਂ ਆਪਣੀ ਟਿਕਟ ਆਪ ਹੀ ਐਲਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ‘ਵਪਾਰੀਆਂ ਦੀ ਪਾਰਟੀ’ ਬਣਾ ਦਿੱਤੀ ਹੈ।
ਰਣਜੀਤ ਸਿੰਘ ਔਲਖ ਬਣੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ
ਇਕੱਠ ਦੌਰਾਨ ਸੁਖਦੇਵ ਢੀਂਡਸਾ ਨੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਅਤੇ ਤਿੰਨ ਦਰਜਨ ਤੋਂ ਵੱਧ ਪਰਿਵਾਰਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਢੀਂਡਸਾ ਤੇ ਬੀਬੀ ਗੁਲਸ਼ਨ ਦਾ ਸਨਮਾਨ ਕਰਨ ਸਮੇਂ ਰਣਜੀਤ ਸਿੰਘ ਔਲਖ ਨੇ ਪਾਰਟੀ ਲਈ ਇੱਕ ਲੱਖ ਰੁਪਏ ਵੀ ਭੇਟ ਕੀਤੇ।