ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 1 ਨਵੰਬਰ
ਜ਼ਿਲ੍ਹੇ ਦੇ ਪਿੰਡ ਰੁੜਕੀ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਰਿਪੋਰਟ ਕਰਨ ਪਹੁੰਚੇ ਮਾਲ ਪਟਵਾਰੀ ਅਤੇ ਨੋਡਲ ਅਧਿਕਾਰੀ ਨੂੰ ਕਿਸਾਨ ਆਗੂਆਂ ਅਤੇ ਕਿਸਾਨਾਂ ਵੱਲੋਂ ਘੇਰ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਗਿਆ।
ਨੋਡਲ ਅਧਿਕਾਰੀ ਅਜੈ ਪਾਂਡੇ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਸਬੰਧੀ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਤੇ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਉਹ ਪਟਵਾਰੀ ਮਨਦੀਪ ਸਿੰਘ ਸਮੇਤ ਰੁੜਕੀ ਵਿੱਚ ਰਿਪੋਰਟ ਤਿਆਰ ਪਹੁੰਚੇ ਸਨ ਜਿੱਥੇ ਮੌਜੂਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ।
ਮੌਕੇ ’ਤੇ ਮੌਜੂਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਅਤੇ ਮੀਤ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਪਿੰਡਾਂ ’ਚ ਪਰਾਲੀ ਚੁੱਕਣ ਵਾਲੀਆਂ ਮਸ਼ੀਨਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਜਿਸ ਕਾਰਨ ਕਣਕ ਦੀ ਬਿਜਾਈ ਪਛੜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਖੇਤਾਂ ’ਚੋਂ ਪਰਾਲੀ ਨਾ ਚੁੱਕੀ ਗਈ ਤਾਂ ਕਿਸਾਨਾਂ ਨੂੰ ਪਰਾਲੀ ਸਾੜਨੀ ਪਵੇਗੀ ਤੇ ਹੁਣ ਜਦੋਂ ਮਜਬੂਰੀਵੱਸ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਜੁਰਮਾਨੇ ਕਰਨ ਅਤੇ ਮਾਲ ਰਿਕਾਰਡ ’ਚ ਲਾਲ ਐਂਟਰੀਆਂ ਕਰਨ ਜਿਹੀਆਂ ਕਿਸਾਨ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।