ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਜੂਨ
ਅੱਜ ਸ਼ਾਮ ਇਥੋਂ ਦੀ ਥਰਮਲ ਕਲੋਨੀ ਦਾ ਜਾਇਜ਼ਾ ਲੈਣ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਲੋਨੀ ਵਾਸੀਆਂ ਨੇ ਤਿੱਖਾ ਵਿਰੋਧ ਕੀਤਾ। ਮਾਮਲਾ ਉਦੋਂ ਭਖ਼ ਗਿਆ ਜਦੋਂ ਇੱਕ ਅਧਿਕਾਰੀ ਨੇ ਇਕ ਮਹਿਲਾ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਦਿੱਤਾ।ਜ਼ਿਕਰਯੋਗ ਹੈ ਕਿ ਸਿਵਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਤੇ ਪੁਲੀਸ ਲਾਈਨ ਨੂੰ ਥਰਮਲ ਕਲੋਨੀ ਵਿੱਚ ਤਬਦੀਲ ਕਰਨ ਸਬੰਧੀ ਪਿਛਲੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵਿਚ ਖ਼ਬਰ ਵੀ ਪ੍ਰਕਾਸ਼ਿਤ ਹੋਈ ਸੀ। ਡਿਪਟੀ ਕਮਿਸ਼ਨਰ ਨੇ ਉਸ ਵਕਤ ਅਜਿਹੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਸੀ। ਇਸ ਕਵਾਇਦ ਦਾ ਵਿਰੋਧ ਕਰਨ ਵਾਲੀ ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਜ਼ੋਨਲ ਆਗੂ ਮਿਲਨ ਜੈਨ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਸੀ। ਨੁਮਾਇੰਦਿਆਂ ਨੇ ਦੱਸਿਆ ਕਿ ਕਲੋਨੀ ’ਚ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ ’ਤੇ ਬਾਸ਼ਿੰਦਿਆਂ ਦੇ ਪੰਜ ਮੈਂਬਰੀ ਵਫ਼ਦ ਨਾਲ ਜਦੋਂ ਮੀਟਿੰਗ ਹੋਈ ਤਾਂ ਉਨ੍ਹਾਂ ਕੋਲੋਂ ਕਲੋਨੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਫਾਈਲ ਕਥਿਤ ਤੌਰ ’ਤੇ ਖੋਹ ਲਈ ਗਈ। ਇਸ ਪਿੱਛੋਂ ਹੋਈ ਤਕਰਾਰਬਾਜ਼ੀ ਦੌਰਾਨ ਇਕ ਅਧਿਕਾਰੀ ਨੇ ਇਕ ਮਹਿਲਾ ਨੂੰ ਧੱਕਾ ਮਾਰ ਦਿੱਤਾ ਜਿਸ ਤੋਂ ਗੁੱਸੇ ’ਚ ਆਏ ਕਲੋਨੀ ਵਾਸੀਆਂ ਨੇ ਗੇਟ ’ਤੇ ਆ ਕੇ ਨਾਅਰੇਬਾਜ਼ੀ ਕੀਤੀ। ਉੱਧਰ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਸਿਰਫ਼ ਇਹ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਲੋਨੀ ’ਚ ਖਾਲੀ ਪਏ ਮਕਾਨਾਂ ਦੇ ਸਰਵੇਖਣ ਦੇ ਨਿਰੀਖਣ ਲਈ ਗਏ ਸੀ।