ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਜੂਨ
ਜੱਲ੍ਹਿਆਂਵਾਲਾ ਬਾਗ਼ ਦੇ ਮੁੱਖ ਦੁਆਰ ਨੇੜੇ ਲੱਗੀਆਂ ਟਿਕਟ ਖਿੜਕੀਆਂ ਅਤੇ ਨਿੱਜੀ ਭਾਈਵਾਲੀ ਨਾਲ ਦਾਖਲਾ ਫ਼ੀਸ ਲਾਗੂ ਕਰਨ ਦੀਆਂ ਤਿਆਰੀਆਂ ਦੇ ਖਦਸ਼ੇ ਉੱਭਰਨ ਮਗਰੋਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਨੂੰ ਵਾਅਦਾ-ਖਿਲਾਫ਼ੀ ਕਰਾਰ ਦਿੰਦਿਆਂ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਸਥਾਨਕ ਲੋਕ-ਪੱਖੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ 16 ਜੂਨ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਯਾਦ ਪੱਤਰ ਦੇਵੇਗਾ। ਵਫ਼ਦ ਇਹ ਮੰਗ ਕਰੇਗਾ ਕਿ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਵਿਰਾਸਤ ਨਾਲ ਛੇੜਛਾੜ ਅਤੇ ਨਿੱਜੀ ਕੰਪਨੀਆਂ ਰਾਹੀਂ ਦਾਖ਼ਲਾ ਫ਼ੀਸ ਲਾਗੂ ਕਰਨ ਵਰਗੇ ਕਦਮ ਚੁੱਕਣੇ ਬੰਦ ਕੀਤੇ ਜਾਣ ਅਤੇ ਸ਼ਹੀਦੀ ਸਥਾਨ ਦਾ ਮੂਲ ਸਰੂਪ ਬਹਾਲ ਕੀਤਾ ਜਾਵੇ।
ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਯਾਦ ਪੱਤਰ ’ਚ ਮੰਗ ਕੀਤੀ ਜਾਵੇਗੀ ਕਿ ਸਭਿਆਚਾਰਕ ਮੰਤਰਾਲਾ, ਪੁਰਾਤੱਤਵ ਵਿਭਾਗ, ਕੇਂਦਰੀ ਹਕੂਮਤ ਅਤੇ ਜੱਲ੍ਹਿਆਂਵਾਲਾ ਬਾਗ਼ ਟਰੱਸਟ ਤੁਰੰਤ ਜਨਤਕ ਤੌਰ ’ਤੇ ਐਲਾਨ ਕਰੇ ਕਿ ਦਾਖ਼ਲਾ ਫ਼ੀਸ ਨਹੀਂ ਲਗਾਈ ਜਾਵੇਗੀ। ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ 19 ਜੂਨ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ’ਚ ਬੋਰਡ ਆਫ਼ ਟਰੱਸਟ ਦੀ ਹੋ ਰਹੀ ਮੀਟਿੰਗ ’ਚ ਅਗਲੀ ਸਰਗਰਮੀ ਬਾਰੇ ਵਿਚਾਰ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ 16 ਨਵੰਬਰ ਨੂੰ ਚੰਡੀਗੜ੍ਹ ਵਿੱਚ ਰੋਸ ਮਾਰਚ ਕਰਕੇ ਪੰਜਾਬ ਦੇ ਰਾਜਪਾਲ ਨੂੰ ਭੇਜੇ ਗਏ ਮੰਗ-ਪੱਤਰ ਮਗਰੋਂ ਸਰਕਾਰ ਤੇ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਨੇ ਦਾਖਲਾ ਫੀਸ ਨਾਲ ਜਾਣ ਦਾ ਭਰੋਸਾ ਦਿੱਤਾ ਸੀ।
ਤਰਕਸ਼ੀਲ ਸੁਸਾਇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ
ਅੰਮ੍ਰਿਤਸਰ (ਟਨਸ): ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੇ ਅੱਜ ਮੀਟਿੰਗ ਕਰਕੇ ਜੱਲ੍ਹਿਆਂਵਾਲਾ ਬਾਗ ਵਿੱਚ ਦਾਖਲਾ ਟਿਕਟ ਲਾਉਣ ਦੀ ਸੰਭਾਵਨਾ ਅਤੇ ਇਸ ਦੇ ਮੂਲ ਸਰੂਪ ਨਾਲ ਛੇੜਛਾੜ ਕਰਨ ਦਾ ਸਖਤ ਵਿਰੋਧ ਕੀਤਾ ਹੈ। ਜਥੇਬੰਦੀ ਦੇ ਆਗੂਆਂ ਸੁਮੀਤ ਸਿੰਘ, ਜਸਪਾਲ ਸਿੰਘ ਬਾਸਰਕੇ, ਅਸ਼ਵਨੀ ਕੁਮਾਰ ਆਦਿ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮਾਰਕ ’ਤੇ ਦਾਖਲਾ ਟਿਕਟ ਲਾਉਣ ’ਤੇ ਪੱਕੀ ਰੋਕ ਲਾਈ ਜਾਵੇ ਅਤੇ ਇਸ ਦੇ ਮੂਲ ਸਰੂਪ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੱਥੇ ਦਾਖਲਾ ਰਸਤੇ ਵਾਲੀ ਤੰਗ ਗਲੀ ’ਚ ਨੱਚਦੇ-ਟੱਪਦੇ ਲੋਕਾਂ ਦੀਆਂ ਤਸਵੀਰਾਂ ਸਥਾਪਤ ਕਰਨ, ਸ਼ਹੀਦੀ ਖੂਹ ਦਾ ਮੂਲ ਸਰੂਪ ਵਿਗਾੜਨ, ਗੋਲੀ ਚਲਾਉਣ ਵਾਲੀ ਥਾਂ ਨੂੰ ਦਰਸਾਉਂਦੇ ਪਿੱਲਰ ਢਾਹੁਣ ਅਤੇ ਇੱਥੇ ਮਾਰੇ ਲੋਕਾਂ ਤੋਂ ਇਲਾਵਾ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਵਿਰੋਧੀ ਫ਼ੈਸਲੇ ਵਾਪਸ ਨਾ ਲਏ ਗਏ ਤਾਂ ਇਸ ਖ਼ਿਲਾਫ਼ ਜੱਲ੍ਹਿਆਂਵਾਲਾ ਬਾਗ ਦੇ ਬਾਹਰ ਪੱਕਾ ਧਰਨਾ ਲਾਇਆ ਜਾਵੇਗਾ। ਆਗੂਆਂ ਨੇ ਨਾਮਵਰ ਨਾਟਕਕਾਰ ਗੁਰਸ਼ਰਨ ਭਾਅਜੀ ਦੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦੇਣ ਅਤੇ ਉਥੇ ਅਜਾਇਬ ਘਰ ਸਥਾਪਤ ਕਰਨ ਦੀ ਮੰਗ ਕੀਤੀ ਹੈ।