ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਪੰਜਾਬ ਸਟੂਡੈਂਟਸ ਯੂਨੀਅਨ ਨੇ ਕਰਨਾਟਕਾ ਦੀ ਭਾਜਪਾ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਪਾਠ ਨੂੰ ਕੱਢ ਕੇ ਆਰਐੱਸਐੱਸ ਦੇ ਸੰਸਥਾਪਕ ਅਤੇ ਸਾਬਕਾ ਸਰਸੰਘ ਸੰਚਾਲਕ ਕੇਸ਼ਵ ਬਲੀਰਾਮ ਹੇਡਗੇਵਾਰ ਨਾਲ ਸਬੰਧਤ ਪਾਠ ਸ਼ਾਮਲ ਕਰਨ ਖ਼ਿਲਾਫ਼ ਪੰਜਾਬ ਭਰ ਵਿੱਚ ਧਰਨੇ ਦਿੱਤੇ। ਇਸ ਸਬੰਧੀ ਵਿਦਿਆਰਥੀ ਜਥੇਬੰਦੀ ਨੇ ਰੋਪੜ, ਨਵਾਂ ਸ਼ਹਿਰ, ਗੁਰਦਾਸਪੁਰ, ਫ਼ਰੀਦਕੋਟ, ਮੋਗਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਸੰਗਰੂਰ ਅਤੇ ਪਟਿਆਲਾ ਵਿੱਚ ਪ੍ਰਦਰਸ਼ਨ ਕੀਤੇ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਜਨਰਲ ਸਕੱਤਰ ਅਮਨਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਭਾਜਪਾ ਆਰਐੱਸਐੱਸ ਦਾ ਸਿਆਸੀ ਵਿੰਗ ਹੈ ਅਤੇ ਪਾਰਟੀ ਕੇਂਦਰ ਅਤੇ ਰਾਜ ਸਰਕਾਰਾਂ ਰਾਹੀਂ ਸੰਘ ਦਾ ਫਿਰਕੂ ਏਜੰਡਾ ਦੇਸ਼ ਵਿੱਚ ਲਾਗੂ ਕਰ ਰਹੀ ਹੈ। ਇਸ ਏਜੰਡੇ ਤਹਿਤ ਵਿੱਦਿਅਕ ਅਦਾਰਿਆਂ ਦਾ ਵੀ ਭਗਵਾਂਕਰਨ ਕੀਤਾ ਜਾ ਰਿਹਾ ਹੈ। ਇਸੇ ਭਗਵੇਂਕਰਨ ਦੀ ਨੀਤੀ ’ਤੇ ਚੱਲਦਿਆਂ ਕਰਨਾਟਕ ਸਰਕਾਰ ਨੇ ਦਸਵੀਂ ਜਮਾਤ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਪਾਠ ਨੂੰ ਕੱਢ ਕੇ ਆਰਐੱਸਐੱਸ ਦੇ ਸੰਸਥਾਪਕ ਅਤੇ ਸਾਬਕਾ ਸਰਸੰਘ ਸੰਚਾਲਕ ਕੇਸ਼ਵ ਬਲੀਰਾਮ ਹੇਡਗੇਵਾਰ ਨਾਲ ਸਬੰਧਤ ਪਾਠ ਸ਼ਾਮਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਰੋਲ ਅਦਾ ਕੀਤਾ ਹੈ, ਜਿਸ ਕਰਕੇ ਉਹ ਦੇਸ਼ ਦੇ ਨੌਜਵਾਨਾਂ ਦੇ ਨਾਇਕ ਹਨ। ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਫਿਰਕੂ ਏਜੰਡੇ ਤਹਿਤ ਕੰਮ ਕਰਦਿਆਂ ਕਦੇ ਮਸਜਿਦਾਂ ’ਤੇ ਹਮਲੇ, ਕਦੇ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਤੇ ਈਸਾਈਆਂ ’ਤੇ ਫਿਰਕੂ ਹਮਲੇ ਕਰ ਰਹੀ ਹੈ। ਵਿਦਿਆਰਥੀ ਜਥੇਬੰਦੀ ਨੇ ਸ਼ਹੀਦ ਭਗਤ ਸਿੰਘ ਦੇ ਪਾਠਕ੍ਰਮ ਨੂੰ ਮੁੜ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।