ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਫਰਵਰੀ
ਬਸਤੀ ਜੋਧੇਵਾਲ ਇਲਾਕੇ ਵਿੱਚ ‘ਆਪ’ ਉਮੀਦਵਾਰਾਂ ਵੱਲੋਂ ਗੁਰੂ ਰਵਿਦਾਸ ਦੇ ਬੋਰਡਾਂ ’ਤੇ ਪੋਸਟਰ ਲਗਾਉਣ ਕਾਰਨ ਰਵਿਦਾਸ ਸਮਾਜ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਸਾਰੇ ਪੋਸਟਰ ਤੇ ਬੋਰਡ ਫਾੜ ਦਿੱਤੇ। ਸਥਾਨਕ ਲੋਕਾਂ ਵਿੱਚ ਵਧੇ ਇਸ ਵਿਰੋਧ ਦੇ ਮੱਦੇਨਜ਼ਰ ਪੁਲੀਸ ਨੇ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦਾ ਰੂਟ ਬਦਲ ਦਿੱਤਾ। ਸਥਾਨਕ ਲੋਕਾਂ ਨੇ ਦੋਸ਼ ਲਾਏ ਹਨ ਕਿ ਬਸਤੀ ਜੋਧੇਵਾਲ ਇਲਾਕੇ ’ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸਵਾਗਤ ਲਈ ਗੁਰੂ ਰਵਿਦਾਸ ਦੇ ਬੋਰਡ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਇੱਥੋਂ ਲੰਘਣ ਵਾਲੇ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰਾਂ ਨੇ ਇਨ੍ਹਾਂ ਬੋਰਡਾਂ ’ਤੇ ਆਪਣੇ ਪੋਸਟਰ ਲਗਾ ਦਿੱਤੇ। ਸਥਾਨਕ ਪ੍ਰਸ਼ਾਸਨ ਨੇ ਹਾਲਾਤ ਕਾਬੂ ਕਰਨ ਲਈ ਬਸਤੀ ਜੋਧੇਵਾਲ ਤੋਂ ਰੋਡ ਸ਼ੋਅ ਕੱਢਣ ਦੀ ਥਾਂ ਸੇਖੇਵਾਲ ਵੱਲੋਂ ਸੁੰਦਰ ਨਗਰ ਤੇ ਵੇਟਗੰਜ ਤੋਂ ਹੁੰਦਾ ਹੋਇਆ ਥਾਣਾ ਡਿਵੀਜ਼ਨ ਨੰਬਰ 3 ਵੱਲ ਤੋਰ ਦਿੱਤਾ।