ਜਗਮੋਹਨ ਸਿੰਘ
ਰੂਪਨਗਰ, 3 ਅਗਸਤ
ਇੱਥੇ ਸਨ ਸਿਟੀ ਦੇ ਸਾਹਮਣੇ ਰੈਲੋਂ ਰੋਡ ’ਤੇ ਰੂਪਨਗਰ ਸ਼ਹਿਰ ਵਿੱਚ ਤਾਜ਼ਾ ਖੁੱਲ੍ਹੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦਾ ਲੋਕਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ। ਇਲਾਕਾ ਵਾਸੀਆਂ ਨੇ ਠੇਕੇ ਨੂੰ ਤੁਰੰਤ ਚੁੱਕਣ ਦੀ ਮੰਗ ਕੀਤੀ ਗਈ। ਆਦਰਸ਼ ਨਗਰ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਅਜੀਤ ਪ੍ਰਦੇਸ਼, ਮੀਤ ਪ੍ਰਧਾਨ ਮੋਹਣ ਸਿੰਘ ਭੱਠਲ ਅਤੇ ਠੇਕੇਦਾਰ ਸੰਤੋਖ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਹੋਰ ਮੋਹਤਬਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਨਾਅਰੇਬਾਜ਼ੀ ਕਰਦਿਆਂ ਹੋਇਆਂ ਕਿਹਾ ਕਿ ਜਿਸ ਥਾਂ ’ਤੇ ਠੇਕਾ ਖੁੱਲ੍ਹਿਆ ਹੈ ਅਤੇ ਉਸ ਦੇ ਨੇੜੇ ਹੀ ਸਕੂਲ ਪੈਂਦਾ ਹੈ ਅਤੇ ਰੈਲੋਂ ਰੋਡ ਤੋਂ ਸਕੂਲਾਂ ਤੇ ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥਣਾਂ ਦੀ ਵੱਡੀ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਇਹ ਠੇਕਾ ਖੁੱਲ੍ਹਣ ਕਾਰਨ ਇਸ ਦਾ ਵਿਦਿਆਰਥੀਆਂ ’ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ ਅਤੇ ਲੜਕੀਆਂ ਦਾ ਇਸ ਮਾਰਗ ਤੋਂ ਲੰਘਣਾ ਮੁਸ਼ਕਿਲ ਹੋ ਜਾਵੇਗਾ। ਉਕਤ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਕਤ ਠੇਕਾ ਤੁਰੰਤ ਨਾ ਚੁਕਵਾਇਆ ਤਾਂ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਦੀ ਮਦਦ ਨਾਲ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕੌਂਸਲਰ ਕੁਲਵਿੰਦਰ ਕੌਰ, ਧਿਆਨ ਸਿੰਘ, ਪੱਪੀ ਧਾਲੀਵਾਲ, ਟਹਿਲ ਸਿਘ, ਸਤਵੰਤ ਸਿੰਘ, ਸਖਵਿੰਦਰ ਸਿੰਘ ਆਦਿ ਬੁਲਾਰਿਆਂ ਨੇ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਉਕਤ ਠੇਕਾ ਖੋਲ੍ਹਣ ਲਈ ਜੰਮ ਕੇ ਕੋਸਿਆ।