ਪ੍ਰਸ਼ੋਤਮ ਬੱਲੀ
ਬਰਨਾਲਾ, 21 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸੂਬਾ ਸਰਕਾਰ ਦੀਆਂ ਪਰਾਲੀ ਨਾ ਫੂਕਣ ਦੀਆਂ ਹਦਾਇਤਾਂ ਦੇ ਵਿਰੋਧ ਦਾ ਐਲਾਨ ਕੀਤਾ ਹੈ। ਇੱਥੇ ਤਰਕਸ਼ੀਲ ਭਵਨ ਵਿੱਚ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਥੇਬੰਦੀ ਦੀ ਸੂਬਾ ਮੀਟਿੰਗ ਇਸ ਮਸਲੇ ’ਤੇ ਚਰਚਾ ਕੀਤੀ ਗਈ। ਆਗੂਆਂ ਕਿਹਾ ਕਿ ਪਰਾਲੀ ਨਾ ਫੂਕਣ ਦੇ ‘ਆਪ’ ਸਰਕਾਰ ਦੇ ਸੱਦੇ/ਐਲਾਨ ਦਾ ਯੂਨੀਅਨ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਪ੍ਰਤੀ ਏਕੜ, ਇਸੇ ਤਰ੍ਹਾਂ ਮੂੰਗੀ ਦੀ ਐੱਮਐੱਸਪੀ ’ਤੇ ਖ਼ਰੀਦ ਦੇ ਐਲਾਨਾਂ ਦੀ ਅਸਲੀਅਤ ਸਭ ਦੇ ਸਾਹਮਣੇ ਹਨ। ਇਸ ਕਰ ਕੇ ਹੁਣ ਸਰਕਾਰ ਦੇ ਐਲਾਨਾਂ ਦਾ ਭਰੋਸਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂ ਤਾਂ ਸਰਕਾਰ ਪਰਾਲੀ ਚੁੱਕ ਲਵੇ, ਨਹੀਂ ਕਿਸਾਨ ਫੂਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਹੁੰਦੀ ਹੈ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੰਤਰੀ ਮਸ਼ੀਨਰੀ ਸਨਅਤਕਾਰਾਂ ਦੀ ਮਾਰਕੀਟਿੰਗ ਕਰ ਰਹੇ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਮਸ਼ੀਨਾਂ ਦੀ ਖ਼ਰੀਦ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੈ।
ਮੀਟਿੰਗ ਦੌਰਾਨ ਨਵੇਂ ਕੇਂਦਰੀ ਬਿਜਲੀ ਕਾਨੂੰਨ ਦੀਆਂ ਕੁੱਝ ਮੱਦਾਂ ਨੂੰ ਸੂਬੇ ਵਿੱਚ ਲਾਗੂ ਕਰਨ ਖ਼ਿਲਾਫ਼ ਵੀ ਲਾਮਬੰਦੀ, 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ, ਤਿੰਨ ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਲਖੀਮਪੁਰ ਖੀਰੀ ਮਾਮਲੇ ਸਬੰਧੀ ਮੰਗ ਪੱਤਰ ਦੇਣ ਸਣੇ 11 ਅਕਤੂਬਰ ਨੂੰ ਪਿੰਡ ਚੱਕ ਅਲੀਸ਼ੇਰ ’ਚ ਸ਼ਹੀਦ ਪ੍ਰਿਥੀਪਾਲ ਸਿੰਘ ਦੀ 12ਵੀਂ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਸਣੇ ਹੋਰ ਸਨ।