ਜਸਵੀਰ ਸਿੰਘ ਭੁੱਲਰ
ਦੋਦਾ, 29 ਅਗਸਤ
ਨੇੜਲੇ ਪਿੰਡ ਭੁੱਟੀਵਾਲਾ ਵਿੱਚ ਕਰੋਨਾ ਟੈਸਟ ਕਰਨ ਆਈਆਂ ਟੀਮਾਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗਿਆਨ ਸਿੰਘ ਭੁੱਟੀਵਾਲਾ ਅਤੇ ਕਰਨ ਸਿੰਘ ਭੁੱਟੀਵਾਲਾ ਨੇ ਦੱਸਿਆ ਕਿ ਟੈਸਟ ਕਰਨ ਦਾ ਇਹ ਤਰੀਕਾ ਗਲਤ ਹੈ। ਉਨ੍ਹਾਂ ਕਿਹਾ ਕਿ ਭੁੱਟੀਵਾਲਾ, ਹਰਾਜ, ਵੜਿੰਗ ਅਤੇ ਸਰਾਏਨਾਗਾ ਪਿੰਡਾਂ ਦੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਕਿਸੇ ਵਿਅਕਤੀ ’ਚ ਕਰੋਨਾ ਦੇ ਲੱਛਣ ਹੋਣਗੇ ਤਾਂ ਉਹ ਟੈਸਟ ਕਰਵਾਉਣ ਦਾ ਖੁਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪਿੰਡ ਵਿੱਚ ਇੱਕ ਟੀਮ ਧੱਕੇ ਨਾਲ ਟੈਸਟ ਕਰਨ ਆਈ ਸੀ, ਜਿਸ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਵਾਇਆ। ਇਸ ਮਗਰੋਂ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵਿਚਾਲੇ ਇਸ ਗੱਲ ’ਤੇ ਸਹਿਮਤੀ ਹੋਈ ਕਿ ਜਿਹੜੇ ਲੋਕ ਆਪਣੀ ਆਪਣੀ ਇੱਛਾ ਨਾਲ ਟੈਸਟ ਕਰਵਾਉਣਾ ਚਾਹੁੰਦੇ ਹੋਣ, ਸਿਰਫ ਉਨ੍ਹਾਂ ਦੇ ਹੀ ਟੈਸਟ ਕੀਤੇ ਜਾਣਗੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਮ ਦੁਕਾਨਦਾਰ, ਰੇਹੜੀ ਚਾਲਕ, ਆਟੋ-ਰਿਕਸ਼ਿਆਂ ਸਮੇਤ ਜਨਤਕ ਇਕੱਠਾਂ ਆਦਿ ’ਤੇ ਪਾਬੰਦੀ ਹੈ, ਪਰ ਇਸ ਤੋਂ ਉਲਟ ਸਰਮਾਏਦਾਰ ਘਰਾਣਿਆਂ ਵਾਸਤੇ ਕੋਈ ਪਾਬੰਦੀ ਨਾ ਨਜ਼ਰ ਆਉਣ ਕਰਕੇ ਆਮ ਲੋਕਾਂ ’ਚੋਂ ਵਾਇਰਸ ਦਾ ਡਰ ਖਤਮ ਹੋ ਰਿਹਾ ਹੈ। ਇਸ ਕਾਰਨ ਆਮ ਲੋਕ ਟੈਸਟ ਕਰਵਾਉਣ ਤੋਂ ਪਾਸਾ ਵੱਟ ਰਹੇ ਹਨ।
ਇਸ ਸਬੰਧੀ ਕੋਟਭਾਈ ਦੇ ਐੱਸਐੱਚਓ ਅੰਗਰੇਜ਼ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਕੁਝ ਵਿਅਕਤੀਆਂ ਨੇ ਕਰੋਨਾ ਟੈਸਟਾਂ ਸਬੰਧੀ ਅਫਵਾਹ ਫੈਲਾ ਦਿੱਤੀ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ ਸਿਹਤ ਟੀਮਾਂ ਦੇ ਘਿਰਾਓ ਦਾ ਐਲਾਨ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਕਿਸਾਨ-ਮਜ਼ਦੂਰ ਜਥੇਬੰਦੀ ਨੇ ਪਿੰਡਾਂ ਵਿਚ ਕਰੋਨਾ ਟੈਸਟ ਲਈ ਭੇਜੀਆਂ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਜਬਰੀ ਅਖੌਤੀ ਕਰੋਨਾ ਟੈਸਟ ਕਰਨ ਲਈ ਪਿੰਡਾਂ ਵਿਚ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਟੀਮਾਂ ਦਾ ਘਿਰਾਓ ਕਰ ਕੇ ਬੇਰੰਗ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਤ ਦਾ ਕਰਫਿਊ ਅਤੇ ਧਾਰਾ 144 ਲਗਾ ਕੇ ਪੰਜਾਬ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ’ਤੇ ਡਾਕਾ ਮਾਰਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਧਾਰਾ 144 ਰੱਦ ਕਰੇ ਨਹੀਂ ਤਾਂ 7 ਸਤੰਬਰ ਨੂੰ ਜੇਲ੍ਹ ਭਰੋ ਮੋਰਚੇ ਤਹਿਤ 9 ਜ਼ਿਲ੍ਹਾ ਕੇਂਦਰਾਂ ’ਤੇ ਹਜ਼ਾਰਾਂ ਕਿਸਾਨ-ਮਜ਼ਦੂਰ, ਬੀਬੀਆਂ ਪਹੁੰਚ ਕੇ ਧਾਰਾ 144 ਤੋੜ ਕੇ ਗ੍ਰਿਫ਼ਤਾਰੀਆਂ ਦੇਣਗੇ।