ਜਗਤਾਰ ਅਨਜਾਣ/ਇਕਬਾਲ ਸਿੰਘ ਸ਼ਾਂਤ
ਮੌੜ ਮੰਡੀ/ਲੰਬੀ, 17 ਅਪਰੈਲ
ਇੱਥੇ ਅੱਜ ਭਾਜਪਾ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਮੌੜ ਅਤੇ ਲੰਬੀ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਅੱਜ ਸਨਾਤਨ ਧਰਮਸ਼ਾਲਾ ਮੌੜ ਵਿੱਚ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ। ਇਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ। ਉਧਰ, ਪੁਲੀਸ ਵੱਲੋਂ ਪੂਰੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਬੈਰੀਕੇਡ ਲਗਾ ਕੇੇ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ। ਇਸ ਦੌਰਾਨ ਕਿਸਾਨਾਂ ਨੇ ਜਦੋਂ ਬੈਰੀਕੇਡ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਕੁਝ ਕੁ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ।
ਇਸ ਮੌਕੇ ਕਿਸਾਨਾਂ ਨੇ ਕਾਲੇ ਝੰਡੇ ਹੱਥਾਂ ’ਚ ਫੜ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਕੇਯੂ ਉਗਰਾਹਾਂ ਦੇ ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਬੁਰਜ ਸੇਮਾ, ਸਿਕੰਦਰ ਸਿੰਘ ਘੁੰਮਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ, ਅਮਰਜੀਤ ਸਿੰਘ ਸਿੱਧੂ ਯਾਤਰੀ ਅਤੇ ਬੀਕੇਯੂ ਮਾਨਸਾ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛਣ ਦਾ ਸੱਦਾ ਦਿੱਤਾ ਹੋਇਆ ਹੈ।
ਇਸੇ ਦੌਰਾਨ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੀ ਲੰਬੀ ਹਲਕੇ ਵਿੱਚ ਪਹਿਲੀ ਸਿਆਸੀ ਫੇਰੀ ਦੌਰਾਨ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਬੀਬੀ ਮਲੂਕਾ ਦੀ ਸਰਾਵਾਂ ਜੈਲ ਦੇ ਪਿੰਡ ਮਿੱਡਾ ਵਿਖੇ ਅੱਜ ਹਲਕੇ ਦੇ ਮੁੱਖ ਭਾਜਪਾ ਅਹੁਦੇਦਾਰਾਂ ਨਾਲ ਜਾਣ-ਪਛਾਣ ਮੀਟਿੰਗ ਸੀ। ਦੇਰ ਸ਼ਾਮ ਭਾਜਪਾ ਉਮੀਦਵਾਰ ਦੀ ਆਮਦ ਮੌਕੇ ਭਾਕਿਯੂ ਸਿੱਧੂਪੁਰ ਅਤੇ ਭਾਕਿਯੂ ਖੋਸਾ ਦੇ ਕਿਸਾਨਾਂ ਨੇ ਮੀਟਿੰਗ ਵਾਲੀ ਢਾਣੀ ਦੇ ਦੋਵੇਂ ਪਾਸਿਓਂ ਕਾਲੀਆਂ ਝੰਡੀਆਂ ਨਾਲ ਵਿਰੋਧ ਜਤਾਇਆ।
ਇਸ ਮੌਕੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪੁਲੀਸ ਨੇ ਭਾਜਪਾ ਉਮੀਦਵਾਰ ਨੂੰ ਮੀਟਿੰਗ ਸਥਾਨ ’ਤੇ ਪਹੁੰਚਾਇਆ। ਮੁਜ਼ਾਹਰਾਕਾਰੀ ਕਿਸਾਨਾਂ ਵੱਲੋਂ ਮੀਟਿੰਗ ਵਾਲੀ ਥਾਂ ਵੱਲ ਵਧਣ ਦੀ ਕੋਸ਼ਿਸ਼ ਕਰਨ ’ਤੇ ਪੁਲੀਸ ਨੂੰ ਰਣਨੀਤੀ ਤਹਿਤ ਮੂਹਰੇ ਕਤਾਰਬੱਧ ਮਹਿਲਾ ਅਮਲੇ ਨੂੰ ਤਾਇਨਾਤ ਕਰ ਦਿੱਤਾ। ਇਸ ਕਾਰਨ ਕਿਸਾਨ ਅਗਾਂਹ ਨਹੀਂ ਵਧੇ। ਭਾਕਿਯੂ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਦਾ ਦੋਸ਼ ਹੈ ਕਿ ਪੁਲੀਸ ਨੇ ਉਨ੍ਹਾਂ ਦੇ ਵਿਰੋਧ ਨੂੰ ਜ਼ਬਰੀ ਦਬਾਉਣ ਲਈ ਹਲਕੇ ਬਲ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲੀਸ ਦੀ ਕਿਸਾਨਾਂ ਨਾਲ ਸ਼ਬਦੀ ਤਲਖੀ ਵੀ ਹੋਈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ, ਇਸੇ ਵਿਚਕਾਰ ਕਾਰਜ ਮਿੱਡਾ ਦੇ ਘਰ ਭਾਜਪਾ ਅਹੁਦੇਦਾਰਾਂ ਨਾਲ ਮੀਟਿੰਗ ਮੌਕੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਅਹੁਦੇਦਾਰ ਤੇ ਆਗੂਆਂ ਨੂੰ ਚੋਣ ਮੁਹਿੰਮ ਭਖਾਉਣ ਦਾ ਸੱਦਾ ਦਿੱਤਾ।
ਪਰਮਪਾਲ ਕੌਰ ਨੇ ਭਾਜਪਾ ਆਗੂਆਂ ਤੇ ਕੋਰ ਕਮੇਟੀ ਮੈਬਰਾਂ ਨਾਲ ਮੀਟਿੰਗ ਕੀਤੀ
ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੀ ਸਨਾਤਮ ਧਰਮਸ਼ਾਲਾ ਵਿੱਚ ਹਲਕਾ ਮੌੜ ਦੇ ਭਾਜਪਾ ਆਗੂਆਂ ਅਤੇ ਕੋਰ ਕਮੇਟੀ ਮੈਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ, ਮੰਡਲ ਪ੍ਰਧਾਨ ਜੀਵਨ ਗੁਪਤਾ, ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਚੰਦ ਆਦਿ ਮੌਜੂਦ ਸਨ।
ਕਿਸਾਨਾਂ ਦੇ ਵਿਰੋਧ ਕਾਰਨ ਹੰਸ ਰਾਜ ਹੰਸ ਵੱਲੋਂ ਪ੍ਰੋਗਰਾਮ ਰੱਦ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਫ਼ਰੀਦਕੋਟ ਰਾਖਵੇਂ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਲਗਾਤਾਰ ਵਿਰੋਧ ਜਾਰੀ ਹੈ। ਪੁਲੀਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਹੋਣ ਬਾਵਜੂਦ ਉਨ੍ਹਾਂ ਨੂੰ ਅੱਜ ਧਰਮਕੋਟ ਵਿਧਾਨ ਸਭਾ ਹਲਕੇ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਧਾਰਮਿਕ ਸਥਾਨ ਅਤੇ ਭਾਜਪਾ ਆਗੂ ਦੇ ਘਰ ਜਾਣ ਦਾ ਪ੍ਰੋਗਰਾਮ ਰੱਦ ਕਰਨਾ ਪਿਆ। ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਜਦੋਂ ਤੋਂ ਤਿੰਨ ਖੇਤੀ ਕਾਲੇ ਕਾਨੂੰਨ ਲਿਆਂਦੇ ਉਦੋਂ ਤੋਂ ਹੀ ਕਿਸਾਨਾਂ ਨੇ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰਾਂ ਨੂੰ ਵੀ ਕਈ ਥਾਵਾਂ ’ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ ਪਰ ਭਾਜਪਾ ਦਾ ਵਿਰੋਧ ਉਨ੍ਹਾਂ ਤੋਂ ਕਿਤੇ ਜ਼ਿਆਦਾ ਤਿੱਖਾ ਨਜ਼ਰ ਆ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਕੁੱਲ ਹਿੰਦ ਕਿਸਾਨ ਸਭਾ ਆਗੂ ਕਾਮਰੇਡ ਸੂਰਤ ਸਿੰਘ , ਕਿਰਤੀ ਕਿਸਾਨ ਯੂਨੀਅਨ ਤੋਂ ਕੁਲਜੀਤ ਸਿੰਘ ਪੰਡੋਰੀ ਨੇ ਕਿਹਾ ਕੇ ਅੱਜ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਧਰਮਕੋਟ ਵਿੱਚ ਮੰਦਰ ਅਤੇ ਭਾਜਪਾ ਆਗੂ ਦੇ ਘਰ ਜਾਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੀ ਸੂਚਨਾ ਮਿਲਦੇ ਹੀ ਕਿਸਾਨਾਂ ਨੇ ਪੁਤਲੇ ਤਿਆਰ ਕਰਕੇ ਇਕੱਠ ਕਰ ਲਿਆ। ਇਸ ਕਾਰਨ ਹੰਸ ਨੂੰ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਜ ਹੰਸ ਰਾਜ ਹੰਸ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਹਨ ਉਹ ਜਦੋਂ ਵੀ ਚੋਣ ਪ੍ਰਚਾਰ ਲਈ ਪਿੰਡਾਂ ਵਿੱਚ ਆਉਣਗੇ ਤਾਂ ਉਨ੍ਹਾਂ ਤੋਂ ਸਵਾਲ ਵੀ ਪੁੱਛਾਂਗੇ ਅਤੇ ਡਟਵਾਂ ਵਿਰੋਧ ਵੀ ਕੀਤਾ ਜਾਵੇਗਾ।