ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਜਨਵਰੀ
ਸਿੱਖ ਜਥੇਬੰਦੀ ਦੇ ਸਿੱਖ ਫੋਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਮੌਕੇ ਵਾਪਰੇ ਘਟਨਾਕ੍ਰਮ ਲਈ ਸਿੱਖ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਉਨ੍ਹਾਂ ਖ਼ਿਲਾਫ਼ ਪ੍ਰਚਾਰ ਦੀ ਨਿੰਦਾ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਰਵਿੰਦਰ ਸਿੰਘ ਆਹੂਜਾ ਤੇ ਸਕੱਤਰ ਜਨਰਲ ਪ੍ਰਤਾਪ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਮੌਕੇ ਸੁਰੱਖਿਆ ਵਿੱਚ ਸੰਨ੍ਹ ਲੱਗਣਾ ਸੁਰੱਖਿਆ ਬਲਾਂ ਦੇ ਕੰਮ ’ਤੇ ਪ੍ਰਸ਼ਨ ਚਿੰਨ੍ਹ ਹੈ। ਉਨ੍ਹਾਂ ਆਖਿਆ ਕਿ ਸੁਰੱਖਿਆ ਬਲਾਂ ਦੀ ਨਾਕਾਮੀ ਲਈ ਪੰਜਾਬ ਤੇ ਪੰਜਾਬੀਆਂ ਸਣੇ ਸਮੁੱਚੇ ਸਿੱਖ ਭਾਈਚਾਰੇ ਸਿਰ ਦੋਸ਼ ਲਾਉਣਾ ਠੀਕ ਨਹੀਂ ਹੈ। ਜਥੇਬੰਦੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨਾਲ ਜੁੜੇ ਕੁਝ ਲੋਕਾਂ ਅਤੇ ਮੀਡੀਆ ਦੇ ਇਕ ਹਿੱਸੇ ਵੱਲੋਂ ਸਿੱਖ ਭਾਈਚਾਰੇ ਖ਼ਿਲਾਫ਼ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੇਲੋੜੇ ਭੰਡੀ ਪ੍ਰਚਾਰ ਨੂੰ ਬੰਦ ਕਰਾਉਣ।