ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਦਸੰਬਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਡਾਇਰੈਕਟਰ (ਪ੍ਰਬੰਧਕੀ) ਤੇ ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਨੂੰ ਪੀਐੱਸਟੀਸੀਐੱਲ ਦਾ ਡਾਇਰੈਕਟਰ (ਪ੍ਰਬੰਧਕੀ) ਲਾਉਣ ਦਾ ਵਿਰੋਧ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੰਨੀ ਨੇ ਭਾਈ-ਭਤੀਜਾਵਾਦ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਏ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸ੍ਰੀ ਮਜੀਠੀਆ ਨੇ ਕਿਹਾ ਕਿ ਸ੍ਰੀ ਚੰਨੀ ਨੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਜਿਨ੍ਹਾਂ ਦਾ ਨਾਂ ਮਾਈਨਿੰਗ ਅਫ਼ਸਰ ’ਤੇ ਹਮਲਾ ਕਰਨ ਤੇ ਘਨੌਰ ’ਚ ਫੜੀ ਗਈ ਗੈਰਕਾਨੂੰਨੀ ਡਿਸਟਿਲਰੀ ’ਚ ਸਾਹਮਣੇ ਆਇਆ ਸੀ, ਨੂੰ ਇਨਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੂੰ ਪੀਐੱਸਪੀਸੀਐੱਲ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਤਰਸ ਦੇ ਆਧਾਰ ’ਤੇ ਹੋਈਆਂ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ।
ਜੌਲੀ ਨੇ ਚਾਰਜ ਸੰਭਾਲਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਕੀਤੀ ਗਈ ਨਿਯੁਕਤੀ ਦੇ ਚੱਲਦਿਆਂ ਗਗਨਦੀਪ ਸਿੰਘ ਜਲਾਲਪੁਰ (ਜੌਲੀ ਜਲਾਲਪੁਰ) ਨੇ ਅੱਜ ਇਥੇ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਦਾ ਚਾਰਜ ਸੰਭਾਲ ਲਿਆ ਹੈ। ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਜੌਲੀ ਜਲਾਲਪੁਰ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਮੈਂਬਰ ਵੀ ਹਨ। ਇਸ ਮੌਕੇ ’ਤੇ ਜੌਲੀ ਜਲਾਲਪੁਰ ਨੇ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।