ਸੰਜੀਵ ਬੱਬੀ
ਚਮਕੌਰ ਸਾਹਿਬ, 12 ਅਕਤੂਬਰ
ਵਿਧਾਨ ਸਭਾ ਚੋਣਾਂ ਨੂੰ ਅਜੇ ਡੇਢ ਵਰ੍ਹਾ ਬਾਕੀ ਹੈ ਪਰ ਸਿਆਸੀ ਪਾਰਟੀਆਂ ਹੁਣ ਤੋਂ ਹੀ ਤਿਆਰੀ ਵਿੱਚ ਲੱਗ ਗਈਆਂ ਹਨ। ਭਾਵੇਂ ਕਿਸਾਨ ਵਿਰੋਧੀ ਕਾਨੂੰਨਾਂ ਦਾ ਮਸਲਾ ਇਸ ਵੇਲੇ ਸਭ ਤੋਂ ਵੱਧ ਭਖਵਾਂ ਮਸਲਾ ਹੈ ਪਰ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਵੀ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਸ਼ੁਰੂ ਹੋ ਗਈਆਂ ਹਨ। ਚਮਕੌਰ ਸਾਹਿਬ ਦੇ 13 ਵਾਰਡਾਂ ਵਿੱਚ ਵੀ ਸੰਭਾਵੀ ਉਮੀਦਵਾਰਾਂ ਨੇ ਵੋਟਰਾਂ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਚਮਕੌਰ ਸਾਹਿਬ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਵਾਲੇ ਅਕਾਲੀ ਧੜੇ ਦੀ ਸਿੱਧੀ ਟੱਕਰ ਮੌਜੂਦਾ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਦੀ ਅਗਵਾਈ ਵਾਲੇ ਕਾਂਗਰਸੀਆਂ ਨਾਲ ਹੋਵੇਗੀ।
ਉਂਝ ਅਕਾਲੀ ਆਗੂਆਂ ਨੂੰ ਚੋਣਾਂ ਤੋਂ ਐਨ ਪਹਿਲਾਂ ਵਾਰਡਬੰਦੀ ਵਿੱਚ ਹੋਏ ਫੇਰਬਦਲ ‘ਤੇ ਇਤਰਾਜ਼ ਹੈ, ਉਨ੍ਹਾਂ ਅਨੁਸਾਰ ਨਵੀਂ ਵਾਰਡਬੰਦੀ ਵਿੱਚ ਫੇਰਬਦਲ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੇ ਮਨਸ਼ੇ ਨਾਲ ਹੀ ਕੀਤੀ ਗਈ ਹੈ। ਚਮਕੌਰ ਸਾਹਿਬ ਦੀ ਸਥਾਨਕ ਸਿਆਸਤ ਵਿੱਚ ਅਮਨਦੀਪ ਸਿੰਘ ਮਾਂਗਟ ਅਤੇ ਉਸ ਦੇ ਸਾਥੀਆਂ ਦਾ ਬੇਹੱਦ ਪ੍ਰਭਾਵ ਹੈ। ਸਮਾਜਸੇਵੀ ਮਾਂਗਟ ਦੀ ਸਮੁੱਚੀ ਟੀਮ ਨੇ ਕਰੋਨਾ ਲਾਕਡਾਊਨ ਦੇ ਦਿਨਾਂ ਵਿੱਚ ਲੋੜਵੰਦਾਂ ਦੀ ਡੱਟਵੀਂ ਮਦਦ ਕੀਤੀ ਸੀ, ਇਸੇ ਕਾਰਨ ਉਨ੍ਹਾਂ ਨੂੰ ਲੋਕਾਂ ਤੋਂ ਵੀ ਡੱਟਵੇਂ ਸਮਰਥਨ ਦੀ ਆਸ ਹੈ। ਜਿੱਥੇ ਕਾਂਗਰਸੀ ਆਗੂਆਂ ਦੀ ਟੇਕ ਕੈਬਨਿਟ ਮੰਤਰੀ ਚੰਨੀ ’ਤੇ ਹੈ, ਉੱਥੇ ਭਾਵੇਂ ਅਮਨਦੀਪ ਸਿੰਘ ਮਾਂਗਟ ਦਾ ਧੜਾ ਪਿਛਲੀਆਂ ਚੋਣਾਂ ਵਿੱਚ ਅਜ਼ਾਦਾਨਾ ਤੌਰ ‘ਤੇ 6 ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ ਸੀ, ਉੱਥੇ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦਾ ਸਾਥ ਵੀ ਹੁਣ ਉਨ੍ਹਾਂ ਦੇ ਨਾਲ ਹੈ। ਨਤੀਜਾ ਕੀ ਹੋਵੇਗਾ ਇਸ ਬਾਰੇ ਭਾਵੇਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਚਮਕੌਰ ਸਾਹਿਬ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਇਸ ਵਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੇਗੀ।