ਬੀ.ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 15 ਜੂਨ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਅੱਜ ਨੌਜਵਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਨੌਜਵਾਨਾਂ ਨੇ ਕਾਂਗਰਸੀ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦੀ ਗੱਡੀ ਦੀ ਭੰਨ੍ਹ-ਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ।
ਜ਼ਿਕਰਯੋਗ ਹੈ ਕਿ ਗੁਰਸਿਮਰਨ ਸਿੰਘ ਮੰਡ ਨੇ ਕਾਫੀ ਸਮਾਂ ਪਹਿਲਾਂ ਲੁਧਿਆਣਾ ਵਿੱਚ ਆਪਣੀ ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕੀਤਾ ਸੀ, ਜਿਸ ਕਰਕੇ ਉਸ ਸਮੇਂ ਵੀ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਜਦੋਂ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਬਾਹਰ ਆਏ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਚੌਕੀ ਇੰਚਾਰਜ ਅਮਨਦੀਪ ਸਿੰਘ ਕੰਬੋਜ ਨੇ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾ ਕੇ ਗੱਡੀ ਵਿੱਚ ਬਿਠਵਾਇਆ। ਇਸ ਦੌਰਾਨ ਨੌਜਵਾਨਾਂ ਨੇ ਪਿੱਛੇ ਭੱਜ ਕੇ ਗੱਡੀ ਦੀ ਭੰਨ੍ਹ-ਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਗੁਰਸਿਮਰਨ ਸਿੰਘ ਮੰਡ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਦੇਸ਼ ਹਿੱਤ ਲਈ ਕੰਮ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਪਰ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨੌਜਵਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ, ਜਸਪਾਲ ਸਿੰਘ ਅਤੇ ਨਿਰਮਲ ਸਿੰਘ ਸੂਰੇਵਾਲ ਨੇ ਕਿਹਾ ਕਿ ਇਹ ਵਿਰੋਧ ਕਿਸਾਨਾਂ ਨੇ ਨਹੀਂ ਨੌਜਵਾਨਾਂ ਨੇ ਕੀਤਾ ਹੈ ਅਤੇ ਉਹ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਵੱਲੋਂ ਲੁਧਿਆਣਾ ਵਿੱਚ ਦਸਤਾਰ ਦੀ ਕੀਤੀ ਗਈ ਬੇਅਦਬੀ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ।