ਐਨਪੀ. ਧਵਨ
ਪਠਾਨਕੋਟ, 16 ਜਨਵਰੀ
ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਨਰੇਸ਼ ਪੁਰੀ ਨੂੰ ਟਿਕਟ ਦੇਣ ਨਾਲ ਸੁਜਾਨਪੁਰ ਕਾਂਗਰਸ ਵਿੱਚ ਵਿਰੋਧੀ ਸੁਰਾਂ ਪੈਦਾ ਹੋ ਗਈਆਂ ਹਨ ਅਤੇ ਸ੍ਰੀ ਪੁਰੀ ਖ਼ਿਲਾਫ਼ ਟਿਕਟ ਦੇ ਕਰੀਬ ਇੱਕ ਦਰਜਨ ਦਾਅਵੇਦਾਰਾਂ ਨੇ ਮੀਟਿੰਗ ਕਰਕੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਮਤਾ ਪਾਸ ਕਰਕੇ ਕਾਂਗਰਸ ਪਾਰਟੀ ਦੀ ਕੌਮੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਇਸ ਟਿਕਟ ਉਪਰ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਪੱਤਰ ਲਿਖਣ ਵਾਲਿਆਂ ਵਿੱਚ ਅਮਿਤ ਸਿੰਘ ਮੰਟੂ, ਪੰਜਾਬ ਸਟੇਟ ਇੰਡਸਟਰੀ ਵਿਭਾਗ ਦੇ ਉਪ-ਚੇਅਰਮੈਨ ਵਿਨੈ ਮਹਾਜਨ, ਠਾਕੁਰ ਸਾਹਿਬ ਸਿੰਘ ਸਾਬਾ, ਖੇਤੀਬਾੜੀ ਬੈਂਕ ਦੇ ਚੇਅਰਮੈਨ ਅਵਤਾਰ ਕਲੇਰ, ਐਡਵੋਕੇਟ ਹਰੀਸ਼ ਪਠਾਨੀਆ, ਜ਼ਿਲ੍ਹਾ ਕਾਂਗਰਸ ਯੂਥ ਪ੍ਰਧਾਨ ਤੋਸ਼ਿਤ ਮਹਾਜਨ, ਬਲਾਕ ਸਮਿਤੀ ਚੇਅਰਮੈਨ ਅਲਵਿੰਦਰ ਸਿੰਘ ਲਾਡੀ, ਪੱਲਵੀ ਠਾਕੁਰ, ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਠਾਕੁਰ ਦਵਿੰਦਰ ਸਿੰਘ ਦਰਸ਼ੀ, ਬਲਕਾਰ ਪਠਾਨੀਆ, ਸਰਪੰਚ ਗੀਤਾ ਠਾਕੁਰ ਅਤੇ ਘੱਟ ਗਿਣਤੀ ਸੈਲ ਦੇ ਆਗੂ ਅਲਾਦੀਨ ਸ਼ਾਮਲ ਹਨ।
ਇਨ੍ਹਾਂ ਆਗੂਆਂ ਨੇ ਹਾਈਕਮਾਨ ਨੂੰ ਪਾਰਟੀ ਦੀ ਟਿਕਟ ਰੀਵਿਊ ਕਰਨ ਲਈ 2 ਦਿਨ ਦਾ ਅਲਟੀਮੇਟਮ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਇਸ ਵਾਰ ਨਰੇਸ਼ ਪੁਰੀ ਨੂੰ ਟਿਕਟ ਦੇ ਕੇ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਰੇਸ਼ ਪੁਰੀ ਨੇ ਸਾਲ 2012 ਅਤੇ 2017 ਦੀ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਖਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਪਾਰਟੀ ਉਮੀਦਵਾਰ ਨੂੰ ਹਰਾਉਣ ਦਾ ਕੰਮ ਕੀਤਾ ਸੀ ਜਿਸ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।