ਰਵੇਲ ਸਿੰਘ ਭਿੰਡਰ
ਪਟਿਆਲਾ, 2 ਜੁਲਾਈ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਸਲਾਹਕਾਰ ਦੀ ਨਿਯੁਕਤੀ ਦਾ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਅਜਿਹੇ ਫੈਸਲੇ ਦੇ ਪ੍ਰਤੀਕਰਮ ਵਿੱਚ ਵਿਦਿਆਰਥੀ ਧਿਰਾਂ ਦਾ ਸ਼ਿਕਵਾ ਹੈ ਕਿ ਸਰਕਾਰ ਜਾਣ-ਬੁੱਝ ਕੇ ਯੂਨੀਵਰਸਿਟੀ ਵਿੱਚ ਦਖ਼ਲਅੰਦਾਜ਼ੀ ਦੀ ਮਨਸ਼ਾ ਵਿੱਚ ਹੈ ਤੇ ਇਤਿਹਾਸ ਵਿੱਚ ਪਹਿਲਾਂ ਕਦੇ ਅਜਿਹਾ ਨਹੀ ਹੋਇਆ। ਜ਼ਿਕਰਯੋਗ ਹੈ ਕਿ ਸਾਬਕਾ ਆਈਏਐਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਲੰਘੇ ਦਿਨ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਾ ਆਨਰੇਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਅਜਿਹੀ ਨਿਯੁਕਤੀ ‘ਤੇ ਵਿਦਿਆਰਥੀ ਧਿਰਾਂ ਦਾ ਦੋਸ਼ ਹੈ ਕਿ ਇਹ ਫੈਸਲਾ ਸਿੱਧਾ-ਸਿੱਧਾ ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ ’ਤੇ ਹਮਲਾ ਹੈ। ਯੂਨੀਵਰਸਿਟੀ ਦਾ ਪ੍ਰਸ਼ਾਸਨ ਅਤੇ ਵਾਈਸ-ਚਾਂਸਲਰ ਇਸ ਗਲਤ ਨਿਯੁਕਤੀ ਦਾ ਵਿਰੋਧ ਕਰਨ ਦੀ ਬਜਾਏ ਇਸ ’ਤੇ ਆਪਣੀ ਅਤੇ ਸਿੰਡੀਕੇਟ ਦੀ ਮੋਹਰ ਲਵਾਊਣ ਦੇ ਮੁਦੱਈ ਹਨ। ਜਦੋਂ ਅੱਜ ਤੱਕ ਯੂਨੀਵਰਸਿਟੀ ਦਾ ਪ੍ਰਬੰਧ ਬਿਨਾਂ ਅਜਿਹੀ ਨਿਯੁਕਤੀ ਦੇ ਵੀ ਚੱਲ ਰਿਹਾ ਸੀ ਤਾਂ ਅਜਿਹੀ ਨਿਯੁਕਤੀ ਦਾ ਮਤਲਬ ਤਾਂ ਸਿਰਫ ਪ੍ਰਬੰਧ ਵਿੱਚ ਬੇਲੋੜੀ ਸਰਕਾਰੀ ਦਖਲਅੰਦਾਜ਼ੀ ਹੀ ਸਮਝਿਆ ਜਾ ਸਕਦਾ ਹੈ। ਅਜਿਹੇ ਮਾਮਲੇ ’ਤੇ ਵਿਦਿਆਰਥੀਆਂ ਜਥੇਬੰਦੀਆਂ ਐੱਸਐੱਫਆਈ,ਪੀਆਰਐੱਸਯੂ, ਏਆਈਐੱਸਐੱਫ. ਅਤੇ ਪੀਐੱਸਯੂ ਲਲਕਾਰ ਨੇ ਇਸ ਨਿਯੁਕਤੀ ਖ਼ਿਲਾਫ਼ ਝੰਡਾ ਚੁੱਕਣ ਦਾ ਫੈਸਲਾ ਲਿਆ ਹੈ।