ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਗਸਤ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅਟਾਰੀ ਸਰਹੱਦ ’ਤੇ ਦੇਸ਼ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ਵਿਚ ਸਮਾਰਕ ਨੂੰ ਚੁੱਪ ਚੁਪੀਤੇ ਢਾਹੁਣ ਦਾ ਸਖ਼ਤ ਵਿਰੋਧ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਖਿਆ ਹੈ ਕਿ ਆਪਣੀ ਗਲਤੀ ਦਾ ਸੁਧਾਰ ਕਰਦਿਆਂ ਇਸ ਸਮਾਰਕ ਦਾ ਮੁੜ ਨਿਰਮਾਣ ਕਰਨ। ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਕੁਲਦੀਪ ਸਿੰਘ ਮਜੀਠਾ, ਬਲਵਿੰਦਰ ਸਿੰਘ ਖੋਜਕੀਪੁਰ ਤੇ ਹੋਰਨਾਂ ਨੇ ਆਖਿਆ ਕਿ ਇਸ ਕਾਰਵਾਈ ਨਾਲ ਭਾਜਪਾ ਸਰਕਾਰ ਦਾ ਅਸਲ ਚਿਹਰਾ ਨੰਗਾ ਹੋਇਆ ਹੈ ਜਿਸ ਨੇ ਦੇਸ਼ ਵੰਡ ਵੇਲੇ ਪੰਜਾਬੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਰਕ ਨੂੰ ਢਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰਕ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਵਿਭਾਗਾਂ ਦੀ ਪ੍ਰਵਾਨਗੀ ਨਾਲ ਬਣਾਇਆ ਗਿਆ ਸੀ, ਜੋ ਆਪਸੀ ਦੋਸਤੀ, ਪਿਆਰ, ਸਭਿਆਚਾਰ ਅਤੇ ਪੰਜਾਬੀ ਸਾਂਝ ਦਾ ਪ੍ਰਤੀਕ ਸੀ।