ਚਰਨਜੀਤ ਭੁੱਲਰ
ਚੰਡੀਗੜ੍ਹ, 16 ਫਰਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਕੌਂਸਲ ਚੋਣਾਂ ਵਿੱਚ ਦਿਸ ਰਹੀ ਹਾਰ ਤੋਂ ਘਬਰਾ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਚੀਕ ਚਿਹਾੜਾ ਪਾਇਆ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ 17 ਫਰਵਰੀ ਨੂੰ ਨਤੀਜੇ ਐਲਾਨੇ ਜਾਣੇ ਹਨ, ਜਿਸ ’ਚ ਅਕਾਲੀ ਦਲ, ਭਾਜਪਾ ਅਤੇ ‘ਆਪ’ ਦਾ ਯਕੀਕਨ ਸਫਾਇਆ ਹੋਵੇਗਾ। ਹਾਰ ਦੇ ਡਰੋਂ ਹੀ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਕੌਂਸਲ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਾਏ ਜਾ ਰਹੇ ਹਨ। ਇਨ੍ਹਾਂ ਧਿਰਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਗੁਆ ਲਿਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੁਆਰਾ ਨਕਾਰੇ ਜਾਣ ਕਰਕੇ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜੋ ਯਕੀਨੀ ਤੌਰ ’ਤੇ ਆਪਣੀ ਨਾਕਾਮਯਾਬੀ ਲੁਕਾਉਣ ਲਈ ਬਹਾਨੇ ਘੜ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਸਾਫ ਤੌਰ ’ਤੇ ਜਿੱਤਦੀ ਨਜ਼ਰ ਆ ਰਹੀ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਹੋ-ਹੱਲਾ ਕਰਨ ਦੀ ਜਗ੍ਹਾ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਪੜਚੋਲ ਕਰਨ ਦੀ ਨਸੀਹਤ ਦਿੱਤੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਦੇ ਲੋਕ ਅਤੇ ਪੰਜਾਬ ਵਿਰੋਧੀ ਕਾਰਿਆਂ ਦੀ ਲੰਮੀ ਸੂਚੀ ਵਿੱਚ ਹੁਣ ਖੇਤੀ ਕਾਨੂੰਨਾਂ ਦਾ ਨਵਾਂ ਅਧਿਆਏ ਦਰਜ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ‘ਆਪ’ ਦਾ ਸਵਾਲ ਹੈ ਤਾਂ ਇਹ ਪਾਰਟੀ ਗੁਮਰਾਹਕੁਨ ਪ੍ਰਚਾਰ ਕਰਨ ਅਤੇ ਲੋਕ ਵਿਰੋਧੀ ਏਜੰਡਾ ਅੱਗੇ ਵਧਾਉਣ ਲਈ ਭਾਜਪਾ ਦੇ ਹੱਥਠੋਕੇ ਤੋਂ ਵਧ ਕੇ ਕੁਝ ਵੀ ਨਹੀਂ। ਉਨ੍ਹਾਂ ਪੰਜਾਬ ਵਿਚਲੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਝੂਠੇ ਬਿਆਨਾਂ ਅਤੇ ਧੋਖਾਧੜੀ ਵਾਲੇ ਕਾਰਨਾਮਿਆਂ ਨਾਲ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਜ਼ ਆਉਣ ਲਈ ਕਿਹਾ।
‘ਕੇਂਦਰ ਸਰਕਾਰ ਨੇ ਲੋਕਤੰਤਰੀ ਹੋਣ ਦਾ ਨਾਟਕ ਤਕ ਕਰਨਾ ਬੰਦ ਕਰ ਦਿੱਤਾ’
ਮੁੱਖ ਮੰਤਰੀ ਨੇ ਭਾਜਪਾ ਆਗੂ ਤਰੁਣ ਚੁੱਘ ਵੱਲੋਂ ਕੀਤੀ ਗਈ ਟਿੱਪਣੀ ਕਿ ਪੰਜਾਬ ਦੇ ਲੋਕ ਦਹਿਸ਼ਤ ਅਤੇ ਡਰ ਵਿੱਚ ਜਿਉ ਰਹੇ ਹਨ, ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸਲ ਵਿੱਚ ਸਾਰੇ ਦੇਸ਼ ਦੇ ਲੋਕ ਕੇਂਦਰ ਸਰਕਾਰ ਦੇ ਖੌਫ਼ ਦੇ ਪਰਛਾਵੇਂ ਹੇਠ ਜਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਤੰਤਰੀ ਹੋਣ ਦਾ ਨਾਟਕ ਤਕ ਕਰਨਾ ਬੰਦ ਕਰ ਦਿੱਤਾ ਹੈ। ਕੇਂਦਰ ਸਰਕਾਰ ਇਸ ਹੱਦ ਤਕ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ ਕਿ ਇਸ ਨੂੰ ਸੋਸ਼ਲ ਮੀਡੀਆ ’ਤੇ ਵੀ ਆਪਣੀ ਜ਼ਰਾ ਕੁ ਜਿੰਨੀ ਖ਼ਿਲਾਫ਼ਤ ਬਰਦਾਸ਼ਤ ਨਹੀਂ ਹੋ ਰਹੀ।