ਅੰਮ੍ਰਿਤਸਰ:
ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਦੇਸ਼ ਨੂੰ ਮਜ਼ਹਬੀ ਨਫ਼ਰਤ ਤੇ ਮੁੜ ਟੁੱਟਣ ਤੋਂ ਬਚਾਇਆ ਜਾਵੇ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਯਤਨ ਕੀਤਾ ਜਾਵੇ। ਆਪਣੇ ਦੋ ਸਫ਼ਿਆਂ ਦੇ ਪੱਤਰ ਵਿਚ ਗਿਆਨੀ ਕੇਵਲ ਸਿੰਘ ਨੇ ਦੇਸ਼ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਹੁਣ ਤਕ ਦੇਸ਼ ਵਾਸੀਆਂ ਦੇ ਨਾਂ ’ਤੇ ਰਾਜਨੀਤੀ ਹੋ ਰਹੀ ਹੈ। ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਕੇ ਜਾਤ, ਮਜ਼ਹਬ, ਇਲਾਕੇ, ਨਸਲ ਅਤੇ ਰੰਗ-ਭੇਦ ਵਿਚ ਵੰਡ ਕੇ ਆਪੋ ਆਪਣੇ ਧੜਿਆਂ ਵਿਚ ਖਿੱਚਣ ਲਈ ਜ਼ੋਰ-ਅਜ਼ਮਾਈ ਹੋ ਰਹੀ ਹੈ। ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਦੇਸ਼ ਵਿਚ ਮਜ਼ਹਬ ਦੇ ਨਾਂ ’ਤੇ ਭਾਈਚਾਰਕ ਨਫ਼ਰਤ ਦੇ ਕੰਡੇ ਖਿਲਾਰੇ ਜਾ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮੌਜੂਦਾ ਹਾਲਾਤ ਵਿਚ ਦੇਸ਼ ਨੂੰ ਬਚਾਉਣ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅੱਗੇ ਆਊਣ ਦੀ ਅਪੀਲ ਕੀਤੀ ਹੈ।
-ਟਨਸ