ਮਲੋਟ (ਲਖਵਿੰਦਰ ਸਿੰਘ): ਇੱਥੇ ਸ਼ਹਿਰ ਵਿੱਚ ਨਵੇਂ ਉਸਾਰੇ ਗਏ ਦੋ-ਮੰਜ਼ਿਲਾ ਸਰਕਾਰੀ ਹਸਪਤਾਲ ਦੇ ਉਦਘਾਟਨ ਸਮਾਰੋਹ ਵਿੱਚ ਪੁੱਜੇ ਉੱਪ ਮੁੱਖ ਮੰਤਰੀ ਓਪੀ ਸੋਨੀ ਅਤੇ ਟਰਾਂਸਪੋਰਟ ਮੰਤਰੀ ਰਾਜ ਵੜਿੰਗ ਨੂੰ ਵੱਖ ਵੱਖ ਮੁਲਾਜ਼ਮ ਤੇ ਅਧਿਆਪਕ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਉੱਪ ਮੁੱਖ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਤਿ-ਅਧੁਨਿਕ ਸਹੂਲਤਾਂ ਨਾਲ ਲੈਸ ਅਜਿਹੇ ਹਸਪਤਾਲ ਕਾਂਗਰਸ ਸਰਕਾਰ ਹੀ ਦੇ ਸਕਦੀ ਹੈ। ਮਲੋਟ ਹਲਕੇ ਤੋਂ ਬਾਹਰ ਦੇ ਉਮੀਦਵਾਰ ਨੂੰ ਟਿਕਟ ਦੇਣ ਦੀ ਵਕਾਲਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਕਿਸੇ ਨੂੰ ਕਿਤੋਂ ਵੀ ਚੋਣ ਲੜਾ ਸਕਦੀ ਹੈ। ਇਸੇ ਦੌਰਾਨ ਵੱਖ-ਵੱਖ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਈਟੀਟੀ, ਬੀਐੱਡ ਤੇ ਟੈੱਟ ਪਾਸ ਅਧਿਆਪਕ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਲੋਟ ਅਤੇ ਬਿਜਲੀ ਮੁਲਾਜ਼ਮਾਂ ਸਮੇਤ ਅੱਧੀ ਦਰਜਨ ਜਥੇਬੰਦੀਆਂ ਨੇ ਉੱਪ ਮੁੱਖ ਮੰਤਰੀ ਵੱਲੋਂ ਮੁਲਾਕਾਤ ਦਾ ਸਮਾਂ ਨਾ ਦੇਣ ਅਤੇ ਉਨ੍ਹਾਂ ਗੱਲ ਨਾ ਸੁਣਨ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਅਤੇ ਦੋਵਾਂ ਮੰਤਰੀਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਪੁਲੀਸ ਵੱਲੋਂ ਧੂਹ-ਘੜੀਸ ਕਰਕੇ ਮੂੰਹ ਬੰਦ ਕਰਕੇ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਲੋਟ ਦੇ ਚੇਅਰਮੈਨ ਡਾ. ਹੰਸ ਰਾਜ ਕੱਕੜ, ਪ੍ਰਧਾਨ ਡਾ. ਰਿਖੀਕੇਸ਼ ਪਰਵਲ ਭੋਲੀ ਅਤੇ ਡਾ. ਜਸਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੰਗ ਪੱਤਰ ਸਟੇਜ ’ਤੇ ਤਾਂ ਫੜ ਲਏ ਪਰ ਇੱਕ ਪਾਸੇ ਸੁੱਟ ਦਿੱਤੇ ਗਏ, ਜਿਸ ਕਾਰਨ ਜਥੇਬੰਦੀਆਂ ਵਿੱਚ ਰੋਸ ਹੈ। ਇਸ ਮਗਰੋਂ ਵਾਪਸੀ ਵੇਲੇ ਵੀ ਮੁੜ ਜਥੇਬੰਦੀਆਂ ਦੇ ਕਾਰਕੁਨਾਂ ਨੇ ਉੱਪ ਮੁੱਖ ਮੰਤਰੀ ਓਪੀ ਸੋਨੀ ਅਤੇ ਰਾਜਾ ਵੜਿੰਗ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਹਿਰ ਦੇ ਕਈ ਨਾਮੀ ਕਾਂਗਰਸੀ ਆਗੂਆਂ ਦੀ ਗੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ।