ਸ਼ਗਨ ਕਟਾਰੀਆ
ਜੈਤੋ, 14 ਨਵੰਬਰ
ਸੰਘਰਸ਼ਕਾਰੀ ਕਿਸਾਨ ਜਥੇਬੰਦੀਆਂ ਨੇ ਅੱਜ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਜੈਤੋ ਫੇਰੀ ’ਤੇ ਪਾਣੀ ਫੇਰ ਦਿੱਤਾ। ਤੈਅਸ਼ੁਦਾ ਸਮਾਗਮਾਂ ਵਾਲੀਆਂ ਥਾਵਾਂ ’ਤੇ ਕਿਸਾਨਾਂ ਦੀ ਨਾਕਾਬੰਦੀ ਉਪ ਮੁੱਖ ਮੰਤਰੀ ਲਈ ਅੜਿੱਕੇ ਬਣੀ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਓਪੀ ਸੋਨੀ ਦਾ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਦੇ ਦਰਸ਼ਨਾਂ ਮਗਰੋਂ ਕਮਿਊਨਿਟੀ ਹੈਲਥ ਸੈਂਟਰ ਜਾਣ ਦਾ ਪ੍ਰੋਗਰਾਮ ਸੀ। ਰਾਹ ਵਿੱਚ ਅਤੇ ਸੈਂਟਰ ਦੇ ਗੇਟਾਂ ’ਤੇ ਵਿਰੋਧ ਲਈ ਡਟੇ ਕਿਸਾਨਾਂ ਦੀ ਖਬਰ ਮਿਲਣ ’ਤੇ ਇਹ ਸਮਾਗਮ ਰੱਦ ਕਰਕੇ ਉਹ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦੇ ਘਰ ਚਲੇ ਗਏ। ਜ਼ਿਕਰਯੋਗ ਹੈ ਕਿ ਸ੍ਰੀ ਸੋਨੀ ਨੇ ਇੱਕ ਨਿੱਜੀ ਸਕੂਲ ਦੇ ਸਮਾਗਮ ਵਿੱਚ ਵੀ ਸ਼ਾਮਲ ਹੋਣਾ ਸੀ ਪਰ ਕਿਸਾਨਾਂ ਵੱਲੋਂ ਸਕੂਲ ਦੇ ਦੋਵੇਂ ਦਰਵਾਜ਼ਿਆਂ ’ਤੇ ਧਰਨੇ ਲਾਏ ਹੋਣ ਕਾਰਨ ਇਹ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ। ਇਸੇ ਦੌਰਾਨ ਿਸਹਤ ਸਹੂਲਤਾਂ ਤੋਂ ਵਿਰਵੇ ਇਲਾਕਾ ਨਿਵਾਸੀਆਂ ਨੂੰ ਉਪ ਮੁੱਖ ਮੰਤੀਰੀ ਦੀ ਅੱਜ ਦੀ ਫੇਰੀ ਤੋਂ ਇਹ ਪੱਕੀ ਉਮੀਦ ਸੀ ਕਿ ਉਹ ਕਮਿਊਨਿਟੀ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਬਣਾਉਣ ਦਾ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਹਲਕੇ ਵਿੱਚ ਕਾਂਗਰਸੀ ਆਗੂਆਂ ਵੱਲੋਂ ਵੀ ਲੰਮੇ ਸਮੇਂ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਦਾ ਸਮਾਰੋਹ ਰੱਦ ਹੋਣ ਕਾਰਨ ਹਾਲ ਦੀ ਘੜ੍ਹੀ ਇਹ ਐਲਾਨ ਨਹੀਂ ਹੋ ਸਕਿਆ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਪੰਜਾਬ ਨੂੰ ਸਰਹੱਦੀ ਇਲਾਕਾ ਹੋਣ ਕਾਰਨ ਹੋਰਨਾਂ ਸੂਬਿਆਂ ਵਾਂਗ ਉਦਯੋਗਾਂ ਲਈ ਵਿਸ਼ੇਸ਼ ਰਾਹਤ ਦਿੱਤੀ ਜਾਵੇ ਤਾਂ ਜੋ ਸੂਬੇ ਵਿੱਚ ਸਨਅਤ ਦਾ ਵਿਕਾਸ ਹੋ ਸਕੇ। ਉਹ ਅੱਜ ਪਿੰਡ ਬਲ ਕਲਾਂ ਸਨਅਤੀ ਖੇਤਰ ਵਿੱਚ ਮੁਰੰਮਤ ਦਾ ਕੰਮ ਸ਼ੁਰੂ ਕਰਾਉਣ ਲਈ ਆਏ ਸਨ। ਉਨ੍ਹਾਂ ਕਿਹਾ ਕਿ 30 ਲੱਖ ਰੁਪਏ ਦੀ ਲਾਗਤ ਨਾਲ ਇਸ ਸੜਕ ਦੀ ਮੁਰੰਮਤ ਕੀਤੀ ਜਾਵੇਗੀ ਤੇ ਬਾਅਦ ਵਿੱਚ ਇਹ ਸੜਕ ਹੋਰ ਚੌੜੀ ਕੀਤੀ ਜਾਵੇਗੀ। ਉਨ੍ਹਾਂ ਬੱਲ ਕਲਾਂ ਖੇਤਰ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਆਪਣੇ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਪ੍ਰੈੱਸ ਕਾਨਫਰੰਸ ਵਿਚਾਲੇ ਛੱਡ ਕੇ ਚਲੇ ਗਏ ਸੋਨੀ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਉਪ ਮੁੱਖ ਮੰਤਰੀ ਅੱਜ ਕੋਟਕਪੂਰਾ ’ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਪ੍ਰੈੱਸ ਵਾਰਤਾ ਛੱਡ ਕੇ ਚਲੇ ਗਏ। ਸ੍ਰੀ ਸੋਨੀ ਅੱਜ ਇਥੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਉਹਨਾਂ ਕੋਟਕਪੂਰਾ ਵਾਸੀਆਂ ਦੀ ਮੰਗ ਤੇ ਸਥਾਨਕ ਸਿਵਲ ਹਸਪਤਾਲ ਨੂੰ ਅੱਪਗਰੇਡ ਕਰਨ ਅਤੇ ਇਸ ਹਸਪਤਾਲ ’ਚ ਪੋਸਟਮਾਰਟਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਦੋਂ ਮੀਡੀਆ ਨੇ ਕਿਸਾਨਾਂ ਵੱਲੋਂ ਉਨ੍ਹਾਂ ਦੇ ਜੈਤੋ ਦੌਰੇ ਦਾ ਵਿਰੋਧ ਕਰਨ ਸਬੰਧੀ ਸਵਾਲ ਪੁੱਛਿਆ ਤਾਂ ਉਪ ਮੁੱਖ ਮੰਤਰੀ ਸਵਾਲ ਖਤਮ ਹੋਣ ਤੋਂ ਪਹਿਲਾਂ ਹੀ ਮਾਈਕ ਛੱਡ ਕੇ ਚਲੇ ਗਏ।