ਗੁਰਿੰਦਰ ਸਿੰਘ
ਲੁਧਿਆਣਾ, 21 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦਾ ਰਖਵਾਲਾ ਸਿਰਫ਼ ਅਕਾਲੀ ਦਲ ਹੀ ਹੈ, ਜਦਕਿ ਕਾਂਗਰਸ, ਭਾਜਪਾ ਤੇ ‘ਆਪ’ ਨੂੰ ਪੰਜਾਬ ਦੇ ਹਿੱਤਾਂ ਦਾ ਕੋਈ ਦਰਦ ਨਹੀਂ ਹੈ। ਉਹ ਅੱਜ ਘੁਮਾਰ ਮੰਡੀ ਸਥਿਤ ਅਕਾਲੀ ਆਗੂ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇੱਥੇ ਉਨ੍ਹਾਂ ਪੰਜਾਬ ਨੂੰ ਦਰਪੇਸ਼ ਮੁੱਦਿਆਂ ਤੇ ਨਾਰੀ ਸ਼ਕਤੀ ਦੀ ਇਕਜੁੱਟਤਾ ਲਈ ਗੱਲਬਾਤ ਕੀਤੀ। ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਭਾਜਪਾ ਅੱਗੇ ਵੇਚ ਕੇ ਕਿਸਾਨਾਂ ਨਾਲ ਗੱਦਾਰੀ ਕੀਤੀ, ਜਦਕਿ ਹੁਣ ਚੰਨੀ ਸਰਕਾਰ ਨੇ ਵੀ ਅੱਧਾ ਪੰਜਾਬ ਕੇਂਦਰ ਹਵਾਲੇ ਕਰਕੇ ਪੰਜਾਬੀਆਂ ਨੂੰ ਵੱਡੀ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸੂਬਾ ਵਾਸੀਆਂ ਨੂੰ ਝੂਠੇ ਵਾਅਦਿਆਂ ਦੀ ਘੁੰਮਣਘੇਰੀ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਖ ਵੱਖ ਵਰਗਾਂ ਦੀਆਂ ਔਰਤਾਂ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਸਰਕਾਰ ਦਾ ਗਠਨ ਹੋਣ ’ਤੇ ਔਰਤਾਂ ਨੂੰ ਹਰ ਖੇਤਰ ਵਿੱਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਪ੍ਰਧਾਨ, ਕਮਲ ਚੇਟਲੀ, ਆਰਡੀ ਸ਼ਰਮਾ, ਸੁਰਿੰਦਰ ਕੌਰ ਦਿਆਲ ਸਮੇਤ ਕਈ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਭਗਵਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ।
ਸਿੱਧੂ ਝੂਠ ਦਾ ਪੁਲੰਦਾ ਤੇ ਕੈਪਟਨ ਚੱਲਿਆ ਹੋਇਆ ਕਾਰਤੂਸ: ਅਨਿਲ ਜੋਸ਼ੀ
ਮਲੋਟ (ਲਖਵਿੰਦਰ ਸਿੰਘ): ਸਾਬਕਾ ਕੇਂਦਰੀ ਮੰਤਰੀ ਅਨਿਲ ਜੋਸ਼ੀ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਝੂਠ ਦਾ ਪੁਲੰਦਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੱਲਿਆ ਹੋਇਆ ਕਾਰਤੂਸ ਦੱਸਿਆ। ਭਾਜਪਾ ਵਿੱਚੋਂ ਅਸਤੀਫ਼ਾ ਦੇਣ ਮਗਰੋਂ ਉਹ ਅੱਜ ਪਹਿਲੀ ਵਾਰ ਮਲੋਟ ਆਏ ਤੇ ਇੱਥੇ ਵਪਾਰ ਮੰਡਲ ਤੇ ਅਕਾਲੀ ਦਲ ਦੇ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ। ਸ੍ਰੀ ਜੋਸ਼ੀ ਨੇ ਕਿਹਾ, ‘ਨਵਜੋਤ ਸਿੰਘ ਸਿੱਧੂ ਨਾਲ ਉਹ ਲੰਮਾ ਸਮਾਂ ਰਹੇ ਹਨ, ਉਨ੍ਹਾਂ ਕੋਲ ‘ਝੂਠ’ ਅਤੇ ‘ਠੋਕੋ ਤਾਲੀ’ ਤੋਂ ਇਲਾਵਾ ਕੁਝ ਵੀ ਨਹੀਂ। ਉਨ੍ਹਾਂ ਨਾ ਕਿਸੇ ਨੂੰ ਕੰਮ ਕਰਨ ਦਿੱਤਾ ਤੇ ਨਾ ਖ਼ੁਦ ਕੀਤਾ।’ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਚੱਲਿਆ ਹੋਇਆ ਕਾਰਤੂਸ ਹਨ, ਉਨ੍ਹਾਂ ਵੱਲੋਂ ਵੱਖਰੀ ਪਾਰਟੀ ਬਣਾਉਣ ਨਾਲ ਕੋਈ ਫਰਕ ਨਹੀਂ ਪੈਣਾ।’ ਉਨ੍ਹਾਂ ਲੋਕਾਂ ਨੂੰ ਭਰੋਸਾ ਦੇ ਕੇ ਅਤੇ ਸਹੁੰਆਂ ਖਾ ਕੇ ਸਰਕਾਰ ਬਣਾਈ ਸੀ, ਪਰ ਉਹ ਭਰੋਸੇ ’ਤੇ ਖਰ੍ਹੇ ਨਹੀਂ ਉੱਤਰੇ ਅਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਹਰ ਥਾਂ ਖ਼ਾਨਾਪੂਰਤੀ ਹੀ ਕੀਤੀ।’ ਉਨ੍ਹਾਂ ਇਹ ਵੀ ਕਿਹਾ ਕਿ ਵਿੱਤ ਮੰਤਰੀ ਹਰ ਰੋਜ਼ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੇ ਸਨ ਪਰ ਅੱਜ ਅਚਾਨਕ ਖਜ਼ਾਨਾ ਕਿਵੇਂ ਭਰ ਗਿਆ। ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਪਰ ਕਾਂਗਰਸ ਦੀ ਸਰਕਾਰ ਦੁਬਾਰਾ ਨਹੀਂ ਬਣ ਸਕਦੀ ਕਿਉਂਕਿ ਇਸ ਵਿੱਚ ਖ਼ਾਨਾਜੰਗੀ ਹੀ ਸਿਖਰਲੇ ਮੁਕਾਮ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਦੀ ਥਾਂ ਸ੍ਰੀ ਚੰਨੀ ਨੂੰ ਲਿਆਂਦਾ ਗਿਆ ਪਰ ਮੁਖੌਟਾ ਬਦਲਣ ਨਾਲ ਵੀ ਕੋਈ ਫਰਕ ਨਹੀਂ ਪਵੇਗਾ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆਂ, ਸਰਕਲ ਪ੍ਰਧਾਨ ਗੁਰਜੀਤ ਸਿੰਘ ਨਿੱਪੀ ਔਲਖ, ਸਾਬਕਾ ਪ੍ਰਧਾਨ ਰਾਮ ਸਿੰਘ ਭੁੱਲਰ, ਪਰਮਿੰਦਰ ਸਿੰਘ ਨੰਬਰਦਾਰ, ਜ਼ਿਲ੍ਹਾ ਯੂਥ ਪ੍ਰਧਾਨ ਲੱਪੀ ਈਨਾਖੇੜਾ, ਗੁਰਬੀਰ ਸਿੰਘ ਲੰਬਾ ਹਾਜ਼ਰ ਸਨ।