ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਜੂਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਤੇ ਦਿਨ ਹੋਰਨਾਂ ਸਿਆਸੀ ਪਾਰਟੀਆਂ ਨੂੰ ਛੱਡ ਸਿਰਫ਼ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਹੀ ਘਿਰਾਓ ਕਰਨ ਦੇ ਕੀਤੇ ਐੈਲਾਨ ਨਾਲ ਇਨ੍ਹਾਂ ਸਿਆਸੀ ਧਿਰਾਂ ਦੇ ਆਗੂਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਤਹਿਤ ਅੱਜ ਇਲਾਕੇ ਦੇ ਕਈ ਸਿਆਸੀ ਆਗੂਆਂ ਨੇ ਖੁੱਲ੍ਹ ਕੇ ਮੀਟਿੰਗਾਂ ਕੀਤੀਆਂ।
ਕਾਂਗਰਸ, ਅਕਾਲੀ ਦਲ, ਬਸਪਾ ਅਤੇ ‘ਆਪ’ ਦੇ ਕਾਰਕੁਨਾਂ ਨੇ ਜਿੱਥੇ ਕਿਸਾਨ ਮੋਰਚੇ ਦੇ ਇਸ ਫ਼ੈਸਲੇ ਸਬੰਧੀ ਅੱਜ ਛਪੀ ਖ਼ਬਰ ਸੋਸ਼ਲ ਮੀਡੀਆ ’ਤੇ ਘੁਮਾਈ, ਉੱਥੇ ਹੀ ਕੁਝ ਥਾਈਂ ਇਸ ਖਬਰ ਦੀਆਂ ਫੋਟੋ ਕਾਪੀਆਂ ਕਰਵਾ ਕੇ ਵੀ ਵੰਡੀਆਂ ਗਈਆਂ। ਰਾਜਪੁਰਾ ਤੋਂ ਅਕਾਲੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸੁਰਜੀਤ ਸਿੰਘ ਗੜ੍ਹੀ ਤੇ ਰਣਜੀਤ ਸਿੰਘ ਰਾਣਾ ਸਮੇਤ ਕਈ ਹੋਰਨਾਂ ਨੇ ਇਸ ਦੀ ਪੁਸ਼ਟੀ ਕੀਤੀ।
ਹਲਕਾ ਘਨੌਰ ਤੋਂ ਚੋਣ ਚੜਨ ਦੇ ਇੱਛੁਕ ਅਕਾਲੀ ਆਗੂ ਪ੍ਰੋ. ਚੰਦੂਮਾਜਰਾ ਨੇ ਅੱਜ ਘਨੌਰ ਹਲਕੇ ’ਚ ਕਈ ਮੀਟਿੰਗਾਂ ਕੀਤੀਆਂ, ਜਿਸ ਤੋਂ ਪਹਿਲਾਂ ਉਨ੍ਹਾਂ ਦੇ ਨਿੱਜੀ ਸਹਾਇਕ ਹਰਦੇਵ ਸਿੰਘ ਹਰਪਾਲਪੁਰ ਨੇ ਕਿਸਾਨ ਮੋਰਚੇ ਦੇ ਫ਼ੈਸਲੇ ਸਬੰਧੀ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ। ਇਸੇ ਦੌਰਾਨ ਪ੍ਰੋ. ਚੰਦੂਮਾਜਰਾ, ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ, ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ, ਨਰਦੇਵ ਆਕੜੀ ਨੇ ਕਿਹਾ ਕਿ ਅਕਾਲੀ ਦਲ ਤਾਂ ਹਮੇਸ਼ਾ ਹੀ ਕਿਸਾਨਾਂ ਅਤੇ ਕਿਸਾਨ ਸੰਘਰਸ਼ ਦਾ ਹਮਾਇਤੀ ਰਿਹਾ ਹੈ। ਇਸ ਸੰਘਰਸ਼ ਦੌਰਾਨ ਵੀ ਅਕਾਲੀ ਦਲ ਕਿਸਾਨਾਂ ਦੀ ਪਿੱਠ ’ਤੇ ਹੈ। ਉਧਰ, ਕਾਂਗਰਸੀ ਵਿਧਾਇਕਾਂ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸ਼ੁਤਰਾਣਾ ਤੇ ਕਾਕਾ ਰਾਜਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੀ ਪਿੱਠ ’ਤੇ ਹੈ।