ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜੂਨ
ਕਰੋਨਾ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਵਿਧੀ ਰਾਹੀਂ ਪੜ੍ਹਾਇਆ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀਆਂ ਵਿੱਚ ਤਣਾਅ ਤੇ ਹੋਰ ਬਿਮਾਰੀਆਂ ਵਧ ਰਹੀਆਂ ਹਨ। ਇਸ ਦੇ ਮੱਦੇਨਜ਼ਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਵਿਦਿਆਰਥੀਆਂ ਦੀ ਡਿਜੀਟਲ ਸਿੱਖਿਆ ਲਈ ਕੇਂਦਰ ਵੱਲੋਂ ਜਾਰੀ ਸਕਰੀਨ ਟਾਈਮ ਅਨੁਸਾਰ ਹੀ ਪੜ੍ਹਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸੀਮਿਤ ਹੋਮ ਵਰਕ ਦੇਣ ਤੇ ਸਕੂਲ ਬੈਗ ਨੀਤੀ ਲਾਗੂ ਕਰਨ ਲਈ ਵੀ ਆਖਿਆ ਗਿਆ ਹੈ।
ਕੇਂਦਰ ਦੇ ਜੁਆਇੰਟ ਸਕੱਤਰ ਮਨੀਸ਼ ਗਰਗ ਨੇ ਬੀਤੀ 7 ਜੂਨ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸੂਬਿਆਂ ਦੇ ਸਕੂਲਾਂ ਵਿੱਚੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਲਾਈਵ ਜਮਾਤਾਂ ਰਾਹੀਂ ਸਕੂਲ ਵਿਦਿਆਰਥੀਆਂ ’ਤੇ ਵਾਧੂ ਬੋਝ ਪਾ ਰਹੇ ਹਨ। ਵਿਦਿਆਰਥੀਆਂ ਤੋਂ ਆਨਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤੇ ਲੋੜ ਤੋਂ ਵੱਧ ਹੋਮ ਵਰਕ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੀ ਜਮਾਤ ਤੱਕ ਕਿਸੇ ਵੀ ਵਿਦਿਆਰਥੀ ਨੂੰ ਹੋਮ ਵਰਕ ਨਾ ਦਿੱਤਾ ਜਾਵੇ। ਤੀਜੀ ਤੋਂ ਪੰਜਵੀਂ ਜਮਾਤ ਲਈ ਹਫ਼ਤੇ ਵਿੱਚ ਦੋ ਘੰਟੇ, ਛੇਵੀਂ ਤੋਂ ਅੱਠਵੀਂ ਜਮਾਤ ਲਈ ਰੋਜ਼ਾਨਾ ਇੱਕ-ਇੱਕ ਘੰਟਾ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਰੋਜ਼ਾਨਾ ਦੋ-ਦੋ ਘੰਟੇ ਤੋਂ ਵੱਧ ਹੋਮ ਵਰਕ ਨਾ ਦਿੱਤਾ ਜਾਵੇ। ਕੇਂਦਰੀ ਮੰਤਰਾਲੇ ਨੇ ਕਿਹਾ ਕਿ ਜੇ ਵਿਦਿਆਰਥੀਆਂ ਕੋਲ ਪੜ੍ਹਨ ਲਈ ਲੈਪਟੌਪ ਜਾਂ ਕੰਪਿਊਟਰ ਨਹੀਂ ਹਨ ਤੇ ਉਹ ਮੋਬਾਈਲ ਰਾਹੀਂ ਜਮਾਤਾਂ ਲਾ ਰਹੇ ਹਨ ਤਾਂ ਉਹ ਮੋਬਾਈਲ ਨੂੰ ਸਹੀ ਦਿਸ਼ਾ ਵਿੱਚ ਰੱਖਣ ਤੇ ਪਿੱਠ ਸਿੱਧੀ ਰੱਖ ਕੇ ਹੀ ਪੜ੍ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਚੈਪਟਰ ਦੇ ਸਾਬਕਾ ਪ੍ਰਧਾਨ ਡਾ. ਸੁਨੀਲ ਧਵਨ ਨੇ ਆਖਿਆ ਕਿ ਵਿਦਿਆਰਥੀਆਂ ਲਈ ਸਕਰੀਨ ਟਾਈਮ ਤੈਅ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥੀਆਂ ’ਚ ਸਿਰ ਦਰਦ ਤੇ ਅੱਖਾਂ ਦੀਆਂ ਸਮੱਸਿਆਵਾਂ ਵਧੀਆਂ ਹਨ।
ਪਹਿਲੀ ਤੋਂ ਅੱਠਵੀਂ ਜਮਾਤ ਲਈ 30 ਤੋਂ 45 ਮਿੰਟ ਦੇ ਰੋਜ਼ਾਨਾ ਦੋ ਸੈਸ਼ਨ
ਕੇਂਦਰੀ ਮੰਤਰਾਲੇ ਨੇ ਅਧਿਆਪਕਾਂ ਨੂੰ ਮਾਪਿਆਂ ਨਾਲ ਮੀਟਿੰਗ ਦੌਰਾਨ ਇੱਕ ਵਿਦਿਆਰਥੀ ਦੇ ਮਾਪਿਆਂ ਨਾਲ ਆਨਲਾਈਨ 30 ਮਿੰਟ ਤੋਂ ਵੱਧ ਗੱਲ ਨਾ ਕਰਨ ਲਈ ਆਖਿਆ ਹੈ। ਪਹਿਲੀ ਤੋਂ ਅੱਠਵੀਂ ਜਮਾਤ ਲਈ 30 ਤੋਂ 45 ਮਿੰਟ ਦੇ ਰੋਜ਼ਾਨਾ ਦੋ ਸੈਸ਼ਨ ਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ 30 ਤੋਂ 45 ਮਿੰਟ ਦੇ ਚਾਰ ਸੈਸ਼ਨ ਤੋਂ ਵੱਧ ਨਾ ਕਰਵਾਉਣ ਲਈ ਆਖਿਆ ਗਿਆ ਹੈ।