ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
ਪੰਜਾਬ ਤੇ ਚੰਡੀਗੜ੍ਹ ਵਿਚ ਅੱਜ-ਕੱਲ੍ਹ ਆਨਲਾਈਨ ਠੱਗੀ ਮਾਰਨ ਵਾਲਾ ਗਰੋਹ ਸਰਗਰਮ ਹੈ। ਇਸ ਗਰੋਹ ਵੱਲੋਂ ਲੋਕਾਂ ਨੂੰ ਮੋਬਾਈਲ ’ਤੇ ਸੰਦੇਸ਼ ਭੇਜ ਕੇ ਬਿਜਲੀ ਬਿੱਲ ਨਾ ਭਰਨ ’ਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ ਤੇ ਕੁਨੈਕਸ਼ਨ ਬਚਾਉਣ ਲਈ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ। ਐਪ ਡਾਊਨਲੋਡ ਹੋਣ ਤੋਂ ਬਾਅਦ ਆਨਲਾਈਨ ਠੱਗੀ ਵੱਜਦੀ ਹੈ।
ਮੁਹਾਲੀ ਤੇ ਜ਼ੀਰਕਪੁਰ ਵਾਸੀਆਂ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੇ ਕਈ ਵਟਸਐਪ ਸੰਦੇਸ਼ 16 ਜੂਨ ਨੂੰ ਆਏ। ਸੰਦੇਸ਼ ਭੇਜਣ ਵਾਲਿਆਂ ਨੇ ਕਿਹਾ ਕਿ ਜੇ ਰਾਤ ਤਕ ਬਿਜਲੀ ਦਾ ਬਿੱਲ ਜਮ੍ਹਾਂ ਨਾ ਕਰਵਾਇਆ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਕ ਵਿਅਕਤੀ ਨੇ ਫੋਨ ਨੰਬਰ 87772-58484 ਤੋਂ ਫੋਨ ਕਰ ਕੇ ਕਿਹਾ ਕਿ ਇਸ ਸਬੰਧੀ ਬਿਜਲੀ ਦਫਤਰ ਦੇ ਮੋਬਾਈਲ ਨੰਬਰ 90648-20457 ’ਤੇ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਇਕ ਹੋਰ ਮੋਬਾਈਲ 93304-28522 ਨੰਬਰ ਤੋਂ ਵੀ ਫੋਨ ਆਇਆ। ਇਸ ਵਿਅਕਤੀ ਨੇ ਕਿਹਾ ਕਿ ਉਹ ਬਿਜਲੀ ਬੋਰਡ ਦੇ ਹੈੱਡਕੁਆਰਟਰ ਤੋਂ ਮੁਨੀਸ਼ ਅਗਰਵਾਲ ਬੋਲਦਾ ਹੈ, ਜੇ ਆਪਣਾ ਬਿਜਲੀ ਕੁਨੈਕਸ਼ਨ ਬਚਾਉਣਾ ਹੈ ਤਾਂ ਤੁਰੰਤ ‘ਐਨੀਡੈਸਕ’ ਐਪ ਡਾਊਨਲੋਡ ਕਰੋ।
ਮਾਹਿਰਾਂ ਨੇ ਦੱਸਿਆ ਕਿ ਇਹ ਐਪ ਡਾਊਨਲੋਡ ਕਰਨ ਸਾਰ ਬਿੱਲ ਨਾ ਭਰਵਾਉਣ ਵਾਲੇ ਵਿਅਕਤੀ ਦਾ ਮੋਬਾਈਲ ਜਾਂ ਕੰਪਿਊਟਰ ਗਰੋਹ ਦੇ ਕੰਟਰੋਲ ਹੇਠ ਆ ਜਾਂਦਾ ਹੈ। ਇਸ ਐਪ ਜ਼ਰੀਏ ਉਹ ਰਿਮੋਟ ਕੰਟਰੋਲ ਨਾਲ ਪੀੜਤਾਂ ਦੇ ਮੋਬਾਈਲ ਵਿਚੋਂ ਗੂਗਲ ਪੇਅ ਤੇ ਹੋਰ ਐਪ ਦੇ ਪਾਸਵਰਡ ਹਾਸਲ ਕਰ ਲੈਂਦੇ ਹਨ ਤੇ ਇਹ ਗਰੋਹ ਲੋਕਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਕਿਸੀ ਵੀ ਤਰ੍ਹਾਂ ਦੇ ਬਿੱਲ ਜਾਂ ਹੋਰ ਸਾਮਾਨ ਮੰਗਵਾਉਣ ਦੇ ਨਾਂ ’ਤੇ ਅਜਿਹੀ ਐਪ ਡਾਊਨਲੋਡ ਕਰਨ ਨੂੰ ਕਹਿੰਦੇ ਹਨ ਤਾਂ ਇਹ ਐਪ ਹਰਗਿਜ਼ ਡਾਊਨਲੋਡ ਨਾ ਕੀਤਾ ਜਾਵੇ ਤੇ ਇਸ ਸਬੰਧੀ ਨੇੜਲੇ ਪੁਲੀਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਜਾਵੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਦੀ ਔਰਤ ਨਾਲ ‘ਐਨੀਡੈਸਕ’ ਐਪ ਡਾਊਨਲੋਡ ਕਰਨ ਤੋਂ ਬਾਅਦ 72 ਹਜ਼ਾਰ ਰੁਪਏ ਦੀ ਠੱਗੀ ਵੱਜ ਗਈ ਸੀ। ਸਟੇਟ ਬੈਂਕ ਆਫ ਇੰਡੀਆ ਦੀ ਟ੍ਰਿਬਿਊਨ ਬਰਾਂਚ ਦੇ ਮੈਨੇਜਰ ਤ੍ਰਿਪਾਠੀ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਰੋਜ਼ਾਨਾ ਸ਼ਿਕਾਇਤਾਂ ਆ ਰਹੀਆਂ ਹਨ। ਇਸ ਸਬੰਧੀ ਆਧਾਰ ਨੰਬਰ ਤੇ ਬੈਂਕ ਦੇ ਵੇਰਵੇ ਸਾਂਝੇ ਨਾ ਕੀਤੇ ਜਾਣ। ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।