ਗੁਰਿੰਦਰ ਸਿੰਘ
ਲੁਧਿਆਣਾ, 30 ਅਗਸਤ
ਮਜਲਿਸ ਅਹਿਰਾਰ ਇਸਲਾਮ ਵੱਲੋਂ ਇਤਿਹਾਸਕ ਜਾਮਾ ਮਸਜਿਦ ਵਿੱਚ ਅੱਜ ਯੋਮੇ ਆਸ਼ੂਰਾ ਮੌਕੇ ਹਜ਼ਰਤ ਇਮਾਮ ਹੁਸੈਨ ਅੱਲ੍ਹਾ ਅਨਹੂ ਦੀ ਯਾਦ ਵਿੱਚ ਆਨਲਾਈਨ ‘ਸ਼ਹੀਦ-ਏ-ਕਰਬਲਾ’ ਕਾਨਫਰੰਸ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਤੋਂ 1400 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਰਬਲਾ ਦੇ ਮੈਦਾਨ ਵਿਚ ਪੈਗੰਬਰ ਇਸਲਾਮ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਅੱਲ੍ਹਾ ਅਨਹੂ ਨੇ ਆਪਣੇ ਪੂਰੇ ਪਰਿਵਾਰ ਅਤੇ ਸਾਥੀਆਂ ਨਾਲ ਜ਼ਾਲਮ ਹੁਕਮਰਾਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਘਰਵਾਲਿਆਂ ’ਤੇ ਦਿਲ ਖੋਲ੍ਹ ਕੇ ਖਰਚ ਕਰਨਾ ਚਾਹੀਦਾ ਹੈ ਅਤੇ ਇਸ ਦਿਨ ਗਰੀਬਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁਸਲਮਾਨ ਕਿਸੇ ਯਤੀਮ ਨੂੰ ਚੰਗਾ ਖਾਣਾ ਖਿਲਾਉਂਦਾ ਹੈ, ਚੰਗੇ ਕੱਪੜੇ ਦਿੰਦਾ ਹੈ ਤਾਂ ਉਸ ਨੂੰ ਫਲ ਜ਼ਰੂਰ ਮਿਲਦਾ ਹੈ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮੈਦਾਨ-ਏ- ਕਰਬਲਾ ਦਾ ਕਿੱਸਾ ਬਿਆਨ ਕਰਦੇ ਹੋਏ ਹਜ਼ਰਤ ਇਮਾਮ ਹੁਸੈਨ ਦੀ ਬਹਾਦਰੀ ਦੀ ਦਾਸਤਾਨ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਕਿਆਮਤ ਤੱਕ ਆਉਣ ਵਾਲੇ ਲੋਕਾਂ ਲਈ ਕਰਬਲਾ ਦਾ ਮੈਦਾਨ ਸਚਾਈ ਲਈ ਕੁਰਬਾਨੀ ਦੇਣ ਦਾ ਸੁਨੇਹਾ ਦਿੰਦਾ ਰਹੇਗਾ।