ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਜੂਨ
ਸਥਾਨਕ ਸੌ ਫੁੱਟੀ ਰੋਡ ’ਤੇ ਜ਼ਮੀਨੀ ਝਗੜੇ ਦੇ ਮਾਮਲੇ ਨੂੰ ਲੈ ਕੇ ਅੱਜ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂਕਿ ਇਕ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰਤਾਪ ਸਿੰਘ ਉਰਫ ਰਾਜੂ ਵਜੋਂ ਹੋਈ ਹੈ ਜਦੋਂਕਿ ਉਸ ਦਾ ਮਿੱਤਰ ਰਿਸ਼ੀ ਇਸ ਝਗੜੇ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਮੌਕੇ ਹਾਜ਼ਰ ਲੋਕਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਕਥਿਤ ਤੌਰ ’ਤੇ ਕਾਂਗਰਸੀ ਕੌਂਸਲਰ ਦਲਬੀਰ ਕੌਰ ਦੇ ਪੁੱਤਰ ਚਰਨਦੀਪ ਸਿੰਘ ਬੱਬਾ ਨੇ ਗੋਲੀ ਚਲਾਈ ਹੈ। ਉਸ ਨੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਮੂਲੀਅਤ ਕੀਤੀ ਹੈ। ਜ਼ਖਮੀ ਰਿਸ਼ੀ ਦੀ ਲੱਤ ਵਿਚ ਗੋਲੀ ਵੱਜੀ। ਉਸ ਨੇ ਦੱਸਿਆ ਕਿ ਰਾਜਾ ਆਪਣੀ ਕਰਿਆਨੇ ਦੀ ਦੁਕਾਨ ਦੇ ਬਾਹਰ ਬਕਸਾ ਬਣਾਉਣਾ ਚਾਹੁੰਦਾ ਸੀ, ਜਿਸ ਦਾ ਬੱਬਾ ਨੇ ਵਿਰੋਧ ਕੀਤਾ। ਤਕਰਾਰ ਤੋਂ ਬਾਅਦ ਗੋਲੀ ਚੱਲੀ। ਦੋਵਾਂ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਰਾਜਾ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਰਿਸ਼ੀ ਦਾ ਇਲਾਜ ਜਾਰੀ ਹੈ। ਪੁਲੀਸ ਨੂੰ ਘਟਨਾ ਬਾਰੇ ਸੂਚਿਤ ਕਰਨ ਵਾਲੇ ਸਰਜੂ ਦੀਕਸ਼ਤ ਨੇ ਦੱਸਿਆ ਕਿ ਜੇ ਪੁਲੀਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਇਸ ਝਗੜੇ ਨੂੰ ਰੋਕਿਆ ਜਾ ਸਕਦਾ ਸੀ। ਏਡੀਸੀਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਹ ਜ਼ਮੀਨੀ ਝਗੜੇ ਦਾ ਮਾਮਲਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।