ਜੋਗਿੰਦਰ ਸਿੰਘ ਮਾਨ
ਮਾਨਸਾ, 22 ਮਾਰਚ
ਪੰਜਾਬ ’ਚ ਗਰਮੀ ਦੀ ਰੁੱਤ ਆਉਂਦਿਆਂ ਹੀ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਇੱਕ ਯੂਨਿਟ ਬੰਦ ਹੋਣ ਸਮੇਤ ਕਈ ਹੋਰ ਤਾਪ ਘਰਾਂ ਦੇ ਕੁੱਲ 7 ਯੂਨਿਟ ਬੰਦ ਹੋ ਗਏ ਹਨ। ਭਾਵੇਂ ਇਸ ਵੇਲੇ ਸੂਬੇ ਵਿੱਚ ਤਲਵੰਡੀ ਸਾਬੋ ਦਾ ਤਾਪ ਘਰ ਸਭ ਤੋਂ ਜ਼ਿਆਦਾ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ, ਪਰ ਇਸ ਦੇ ਯੂਨਿਟ ਨੰਬਰ-3 ਦਾ ਅਚਾਨਕ ਬੰਦ ਹੋਣਾ ਬਿਜਲੀ ਖੇਤਰ ਲਈ ਵੱਡੀ ਘਟਨਾ ਹੈ।
ਤਾਪ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੰਦ ਹੋਏ ਯੂਨਿਟ ਵਿੱਚ ਮਾਮੂਲੀ ਨੁਕਸ ਆਇਆ ਹੈ ਤੇ ਉਮੀਦ ਹੈ ਕਿ ਭਲਕ ਤੱਕ ਇਹ ਯੂਨਿਟ ਚੱਲ ਪਵੇਗਾ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ’ਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਟੀਐੱਸਪੀਐੱਲ ਦੇ ਯੂਨਿਟ ਨੰਬਰ-3 ਦੇ ਬੰਦ ਹੋਣ ਤੋਂ ਬਾਅਦ ਵੀ ਇਸ ਦੇ ਯੂਨਿਟ ਨੰਬਰ-1 ਤੇ 2 ਤੋਂ ਕ੍ਰਮਵਾਰ 618 ਤੇ 605 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜੋ ਪੰਜਾਬ ਵਿਚਲੇ ਤਾਪ ਘਰਾਂ ’ਚੋਂ ਸਭ ਤੋਂ ਜ਼ਿਆਦਾ ਹੈ। ਤਾਪ ਘਰ ਦੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਇਸ ਵਾਰ ਝੋਨੇ ਦੇ ਸੀਜ਼ਨ ਸਮੇਤ ਸੂਬੇ ਲਈ ਲੋੜੀਂਦੀ ਬਿਜਲੀ ਸਪਲਾਈ ਪੂਰੀ ਕਰਨ ਲਈ ਉਨ੍ਹਾਂ ਹਰ ਤਰ੍ਹਾਂ ਦੇ ਬੰਦੋਬਸਤ ਕੀਤੇ ਹੋਏ ਹਨ। ਇਸੇ ਤਰ੍ਹਾਂ ਜੀਜੀਐੱਸਐੱਸਟੀਪੀ ਰੋਪੜ ਤਾਪ ਘਰ ਦੇ ਛੇ ਵਿੱਚੋਂ ਚਾਰ ਯੂਨਿਟ ਬੰਦ ਹਨ ਅਤੇ ਯੂਨਿਟ ਨੰਬਰ-3 ਵੱਲੋਂ 178 ਤੇ ਯੂਨਿਟ ਨੰਬਰ-6 ਵੱਲੋਂ 201 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। 840 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪ ਘਰ ਵੱਲੋਂ ਅੱਜ ਲਗਪਗ 380 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ ਹੈ। ਮਾਲਵਾ ਖੇਤਰ ਦੇ ਇੱਕ ਹੋਰ ਵੱਡੇ ਤਾਪ ਘਰ ਜੀਐੱਚਟੀਪੀ ਲਹਿਰਾ ਮੁਹੱਬਤ ਦੇ ਚਾਰ ਵਿੱਚੋਂ ਤਿੰਨ ਯੂਨਿਟ ਬੰਦ ਹਨ ਤੇ ਯੂਨਿਟ ਨੰਬਰ-1 ਵੱਲੋਂ 192 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ ਇਸ ਤਾਪ ਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ।
ਜੀਵੀਕੇ ਗੋਇੰਦਵਾਲ ਦਾ ਯੂਨਿਟ ਨੰਬਰ-2 ਵੀ ਬੰਦ
ਜੀਵੀਕੇ ਗੋਇੰਦਵਾਲ ਦਾ ਯੂਨਿਟ ਨੰਬਰ-2 ਵੀ ਬੰਦ ਹੈ ਤੇ ਇਸ ਦਾ ਯੂਨਿਟ ਨੰਬਰ-ਇੱਕ 208 ਮੈਗਾਵਾਟ ਬਿਜਲੀ ਉਤਪਾਦਨ ਕਰ ਸਕਿਆ ਹੈ। ਇਸ ਤਾਪ ਘਰ ਦੀ ਕੁੱਲ ਸਮਰੱਥਾ 540 ਮੈਗਾਵਾਟ ਹੈ। ਦੂਜੇ ਪਾਸੇ 1400 ਮੈਗਾਵਾਟ ਦੀ ਸਮਰੱਥਾ ਵਾਲੇ ਪ੍ਰਾਈਵੇਟ ਸੈਕਟਰ ਦੇ ਇੱਕ ਹੋਰ ਤਾਪ ਘਰ ਐੱਲ ਐਂਡ ਟੀ ਰਾਜਪੁਰਾ ਦੇ ਯੂਨਿਟ ਨੰਬਰ-1 ਵੱਲੋਂ 435 ਅਤੇ ਯੂਨਿਟ ਨੰਬਰ-2 ਵੱਲੋਂ 675 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ ਹੈ।