ਟਬਿਿਊਨ ਨਿਊਜ਼ ਸਰਵਿਸ/ ਪੱਤਰ ਪ੍ਰੇਰਕ
ਚੰਡੀਗੜ੍ਹ/ ਖਮਾਣੋਂ,18 ਅਗਸਤ
ਸਿੱਖਿਆ ਮੰਤਰਾਲੇ ਵੱਲੋਂ ਇਸ ਵਾਰ ਦੇਸ਼ ਭਰ ਦੇ 44 ਅਧਿਆਪਕਾਂ ਨੂੰ 5 ਸਤੰਬਰ ਨੂੰ ਕੌਮੀ ਐਵਾਰਡ ਦਿੱਤੇ ਜਾਣਗੇ। ਇਸ ਵਾਰ ਪੰਜਾਬ ਤੇ ਹਰਿਆਣਾ ਦੇ ਇੱਕ-ਇੱਕ ਅਧਿਆਪਕ ਨੂੰ ਐਵਾਰਡ ਦਿੱਤਾ ਜਾਵੇਗਾ ਜਦਕਿ ਚੰਡੀਗੜ੍ਹ ਤੋਂ ਕਿਸੇ ਵੀ ਅਧਿਆਪਕ ਦੀ ਇਨਾਮ ਲਈ ਚੋਣ ਨਹੀਂ ਕੀਤੀ ਗਈ। ਇਹ ਲਗਾਤਾਰ ਚੌਥਾ ਸਾਲ ਹੈ ਜਦੋਂ ਇਸ ਐਵਾਰਡ ਤੋਂ ਚੰਡੀਗੜ੍ਹ ਨੂੰ ਵਾਂਝਾ ਰੱਖਿਆ ਗਿਆ ਹੈ। ਇਸ ਵਾਰ ਪੰਜਾਬ ਦੇ ਖਮਾਣੋਂ ਦੇ ਮਨੈਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਗਤਾਰ ਸਿੰਘ ਦੀ ਕੌਮੀ ਐਵਾਰਡ ਲਈ ਚੋਣ ਹੋਈ ਹੈ ਜਦਕਿ ਹਰਿਆਣਾ ਦੇ ਭਿਵਾਨੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਲੈਕਚਰਾਰ ਮਮਤਾ ਪਾਲੀਵਾਲ ਦੀ ਚੋਣ ਹੋਈ ਹੈ। ਚੰਡੀਗੜ੍ਹ ਦੇ ਕਿਸੇ ਅਧਿਆਪਕ ਨੂੰ ਇਨਾਮ ਨਾ ਮਿਲਣ ਕਾਰਨ ਅਧਿਆਪਕ ਵਰਗ ਵਿੱਚ ਰੋਸ ਹੈ।