ਖੇਤਰੀ ਪ੍ਰਤੀਨਿਧ
ਪਟਿਆਲਾ, 22 ਮਾਰਚ
ਅੱਜ ਇਥੇ ਦੋ ਅਣਪਛਾਤੇ ਨੌਜਵਾਨ ਸਕੂਟਰ ਦੀ ਡਿੱਕੀ ਤੋੜ ਕੇ ਇੱਕ ਲੱਖ ਰੁਪਏ ਕੱਢ ਕੇ ਲੈ ਗਏ। ਇਹ ਘਟਨਾ ਸਥਾਨਕ ਛੋਟੀ ਬਾਰਾਂਦਰੀ ਖੇਤਰ ਵਿਚ ਵਾਪਰੀ। ਇਸ ਘਟਨਾ ਦਾ ਸ਼ਿਕਾਰ ਹੋਏ ਸਿੰਚਾਈ ਵਿਭਾਗ ਦੇ ਸੇਵਾਮੁਕਤ ਐਕਸੀਅਨ ਲਹਿਲ ਵਾਸੀ ਸੁਭਾਸ਼ ਚੰਦਰ ਨੇ ਇਹ ਇੱਕ ਲੱਖ ਰੁਪਿਆ ਛੋਟੀ ਬਾਰਾਂਦਰੀ ਵਿਚ ਹੀ ਸਥਿਤ ਸੈਂਟਰਲ ਬੈਂਕ ਆਫ਼ ਇੰਡੀਆ ਵਿਚੋਂ ਕੁਝ ਮਿੰਟ ਪਹਿਲਾਂ ਹੀ ਕਢਵਾਏ ਗਏ ਸਨ। ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਉਕਤ ਬੈਂਕ ਵਿਚੋਂ ਪੈਸੇ ਕਢਵਾਉਣ ਮਗਰੋਂ ਸਕੂਟਰ ਦੀ ਡਿੱਕੀ ’ਚ ਰੱਖ ਕੇ ਘਰ ਜਾਣ ਲਈ ਉਸ ਨੇ ਸਕੂਟਰ ਵੀ ਸਟਾਰਟ ਕਰ ਲਿਆ ਸੀ। ਪਰ ਕੁਝ ਪੁੱਛਣ ਲਈ ਉਨ੍ਹਾਂ ਨੂੰ ਮੁੜ ਤੋਂ ਬੈਂਕ ਦੇ ਅੰਦਰ ਜਾਣਾ ਪਿਆ। ਉਹ ਭਾਵੇਂ ਕਿ ਸਕੂਟਰ ਦੀ ਡਿੱਕੀ ਨੂੰ ਤਾਲ਼ਾ ਲਾ ਕੇ ਗਏ ਸਨ, ਪਰ ਜਦੋਂ 10/12 ਮਿੰਟਾਂ ਮਗਰੋਂ ਉਹ ਬੈਂਕ ਵਿਚੋਂ ਬਾਹਰ ਆਏ, ਤਾਂ ਦੇਖਿਆ ਕਿ ਸਕੂਟਰ ਦੀ ਡਿੱਕੀ ਦਾ ਤਾਲ਼ਾ ਟੁੱਟਿਆ ਹੋਇਆ ਸੀ ਜਿਸ ਵਿਚੋਂ ਇੱਕ ਲੱਖ ਰੁਪਏ ਗਾਇਬ ਸਨ। ਉਸ ਨੇ ਸਕੂਟਰ ਬੈਂਕ ਤੋਂ ਕੁਝ ਹੀ ਦੂਰੀ ’ਤੇ ਖੜ੍ਹਾਇਆ ਸੀ। ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਇਸ ਦੀ ਇਤਲਾਹ ਉਸ ਨੇ ਤੁਰੰਤ ਪੁਲੀਸ ਨੂੰ ਦਿੱਤੀ। ਪੁਲੀਸ ਦੇ ਪਰਤਣ ’ਤੇ ਜਦੋਂ ਸੀਸੀਟੀਵੀ ਕੈਮਰੇ ਦੇਖੇ, ਤਾਂ ਦੋ ਲੜਕੇ ਉਸ ਦੇ ਸਕੂਟਰ ਵਿਚੋਂ ਪੈਸੇ ਕੱਢਦੇ ਨਜ਼ਰ ਆਏ।