ਲਖਵਿੰਦਰ ਸਿੰਘ
ਮੱਖੂ, 15 ਜਨਵਰੀ
ਏਸ਼ੀਆ ਦੀਆਂ ਪ੍ਰਮੁੱਖ ਝੀਲਾਂ ਵਿੱਚੋਂ ਇਕ ਸਤਲੁਜ ਅਤੇ ਬਿਆਸ ਦੇ ਸੰਗਮ ’ਤੇ ਕਰੀਬ 86 ਕਿਲੋਮੀਟਰ ਦੇ ਇਲਾਕੇ ਵਿੱਚ ਫੈਲੀ ਹਰੀਕੇ ਝੀਲ ਵਿੱਚ ਇਸ ਸਾਲ ਹੁਣ ਤੱਕ ਇਕ ਲੱਖ ਦੇ ਕਰੀਬ ਪਰਵਾਸੀ ਪੰਛੀ ਪਹੁੰਚ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਠੰਢ ਦੇ ਮੌਸਮ ਵਿਚ ਵੱਡੀ ਗਿਣਤੀ ਪਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਫ਼ਾਸਲਾ ਤੈਅ ਕਰ ਕੇ ਇਸ ਝੀਲ ’ਤੇ ਪੁੱਜਦੇ ਹਨ। ਇਸ ਵਾਰ ਕਰੋਨਾ ਮਹਾਮਾਰੀ ਕਾਰਨ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ ਕਰ ਕੇ ਪੰਛੀ ਪ੍ਰੇਮੀਆਂ ਦੀ ਗਿਣਤੀ ਇੱਥੇ ਘੱਟ ਰਹੀ ਹੈ ਪਰ ਇਸ ਵਾਰ ਪਰਵਾਸੀ ਪੰਛੀ ਵੱਡੀ ਗਿਣਤੀ ਵਿਚ ਪੁੱਜੇ ਹਨ। ਮਾਹਿਰਾਂ ਵੱਲੋਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਇੱਥੇ ਠੰਢ ਦੇ ਮੌਸਮ ਵਿਚ ਪੰਛੀਆਂ ਦੀਆਂ ਤਿੰਨ ਸੌ ਤੋਂ ਜ਼ਿਆਦਾ ਪ੍ਰਜਾਤੀਆਂ ਆਉਂਦੀਆਂ ਹਨ। ਇਹ ਪੰਛੀ ਮਾਰਚ ਤੋਂ ਪਹਿਲਾਂ ਵਾਪਸ ਚਲੇ ਜਾਂਦੇ ਹਨ। ਸਾਇਬੇਰੀਆ, ਰੂਸ, ਅਮਰੀਕਾ, ਕਜ਼ਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਇਨ੍ਹਾਂ ਪੰਛੀਆਂ ਵਿਚ ਕੂਟ, ਸ਼ਵਲਰ, ਪਿੰਨਟੇਲ, ਗਰੇਲੈਗ ਗੀਜ, ਬਾਰਹੈਡਿਡ, ਪਿੰਨਟੇਲ, ਗਰੇਵ, ਸਪੂਨਬਿਲ, ਰਿਵਰਟਰਨ, ਸੀਗਲ, ਲਾਰਜ ਕਰਿਸਟਲ ਗਰੇਵ, ਲਿਟਲ ਗਰੇਵ, ਰੂੜੀ ਸ਼ੈਲ, ਡੈਕ ਅਤੇ ਰੈਡ ਕਰਿਸਟਡ ਕੋਚਰ ਆਦਿ ਪ੍ਰਮੁੱਖ ਹਨ।
ਹਰੀਕੇ ਵਣ ਵਿਭਾਗ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਹੁਣ ਤਕ ਕਰੀਬ ਇਕ ਲੱਖ ਦੇ ਕਰੀਬ ਪਰਵਾਸੀ ਪੰਛੀ ਇੱਥੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਪਰਵਾਸੀ ਪੰਛੀਆਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਹੁਣ ਤਕ ਬਰਡ ਫਲੂ ਬਿਮਾਰੀ ਦੇ ਕੋਈ ਲੱਛਣ ਨਜ਼ਰ ਨਹੀਂ ਆਏ।