ਪੱਤਰ ਪ੍ਰੇਰਕ
ਬਠਿੰਡਾ, 20 ਮਈ
ਇਥੋਂ ਦੀ ਸਿਵੀਆ ਗਿੱਲ ਪੱਤੀ ਰੋਡ ’ਤੇ ਭੱਠੇ ’ਤੇ ਸੁੱਤੇ ਹੋਏ ਤਿੰਨ ਮਜ਼ਦੂਰਾਂ ’ਤੇ ਬੀਤੀ ਦੇਰ ਰਾਤ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਦੋ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਥਰਮਲ ਬਠਿੰਡਾ ਦੀ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਬਠਿੰਡਾ ਬ੍ਰਿਕਸ ਕੰਪਨੀ ਦੇ ਭੱਠੇ ’ਤੇ ਮਜ਼ਦੂਰ ਰਾਜਵਿੰਦਰ ਕੁਮਾਰ, ਸੱਤੂ ਤੇ ਸੁਖਮੰਦਰ ਸਿੰਘ ਸੁੱਤੇ ਪਏ ਸਨ ਤਾਂ ਕੁਝ ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਰਾਜਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋਈ ਜੋ ਬਗਰਾੜੀ ਦਾ ਦੱਸਿਆ ਜਾ ਰਿਹਾ ਹੈ। ਜਦਕਿ ਮਜ਼ਦੂਰ ਸੱਤੂ ਤੇ ਸੁਖਮੰਦਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਹਮਲਾ ਕਰਨ ਵਾਲੇ ਮਜ਼ਦੂਰ ਪਹਿਲਾਂ ਉਕਤ ਭੱਠੇ ’ਤੇ ਹੀ ਕੰਮ ਕਰਦੇ ਸਨ ਤੇ ਟਰਾਲੇ ਵਿੱਚ ਇੱਟਾਂ ਦੀ ਭਰਾਈ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋਇਆ ਸੀ ਪਰ ਬਾਅਦ ਵਿੱਚ ਸੁਲ੍ਹਾ ਸਫਾਈ ਹੋ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਰਾਜਿੰਦਰ ਕੁਮਾਰ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ, ਜੀਵਨ ਸਿੰਘ, ਮਨਜਿੰਦਰ ਸਿੰਘ ਮਿੰਦੀ, ਪ੍ਰਕਾਸ਼ ਸਿੰਘ ਉਰਫ਼ ਟਿੰਡੋ, ਕਸ਼ਮੀਰ ਸਿੰਘ ਉਰਫ਼ ਨਿੱਕਾ ਤੇ ਉਸ ਦਾ ਪਿਤਾ ਰਾਜੂ ਸਮੇਤ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਕੇ ਛਾਪੇ ਮਾਰੇ ਜਾ ਰਹੇ ਹਨ।