ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਮਈ
ਕਸਟਮ ਵਿਭਾਗ ਨੇ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਕੰਪਨੀ ਦੀ ਦੁਬਈ ਤੋਂ ਆਈ ਉਡਾਣ ਰਾਹੀਂ ਇਥੇ ਪੁੱਜੇ ਯਾਤਰੀ ਅਤੇ ਹਵਾਈ ਅੱਡੇ ਦੇ ਇੱਕ ਏਅਰੋ ਬ੍ਰਿਜ ਅਪਰੇਟਰ ਕੋਲੋਂ ਲਗਭਗ ਇਕ ਕਿਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਸੋਨੇ ਦੀ ਕੀਮਤ ਲਗਪਗ 31 ਲੱਖ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਦੇ ਕਮਿਸ਼ਨਰ ਨੇ ਇੱਕ ਬਿਆਨ ਰਾਹੀਂ ਦੱਸਿਆ ਹੈ ਕਿ ਦੁਬਈ ਤੋਂ ਆਏ ਇੱਕ ਯਾਤਰੀ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ’ਚੋਂ 587 ਗਰਾਮ ਦੇ ਸੋਨੇ ਦਾ ਇਕ ਬਿਸਕੁਟ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਕੋਲ ਸੋਨੇ ਦੇ ਦੋ ਬਿਸਕੁਟ ਸਨ, ਜਿਨ੍ਹਾਂ ਦਾ ਵਜ਼ਨ ਲਗਪਗ ਇੱਕ ਕਿਲੋ ਹੈ। ਇਕ ਅਜਿਹਾ ਹੀ ਸੋਨੇ ਦਾ ਬਿਸਕੁਟ ਉਸ ਨੇ ਗਰਾਊਂਡ ਡਿਊਟੀ ਸਟਾਫ ਦੇ ਕਰਮਚਾਰੀ ਨੂੰ ਫੜਾ ਦਿੱਤਾ ਸੀ। ਉਹ ਪਿਛਲੇ ਇਕ ਮਹੀਨੇ ਤੋਂ ਸੋਨੇ ਦੀ ਇਸ ਤਸਕਰੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ।