ਜੋਗਿੰਦਰ ਸਿੰਘ ਮਾਨ
ਮਾਨਸਾ, 24 ਨਵੰਬਰ
ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਅੱਜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਥਰਮਲ ਪਲਾਂਟ ਨੇ ਕੋਲਾ ਮੁੱਕਣ ਕਾਰਨ 28 ਅਕਤੂਬਰ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਸੀ। ਥਰਮਲ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਹਿਲੀ ਅਕਤੂਬਰ ਲਗਾਤਾਰ ਧਰਨਾ ਲਗਾਇਆ ਹੋਇਆ ਹੈ ਅਤੇ 23 ਅਕਤੂਬਰ ਤੋਂ ਕਿਸਾਨ ਜਥੇਬੰਦੀ ਨੇ ਇਸ ਰੇਲਵੇ ਲਾਈਨਾਂ ਨੂੰ ਰੋਕਣ ਕਾਰਨ ਇਸ ਦੇ ਕੋਲੇ ਦਾ ਭੰਡਾਰ ਖਤਮ ਹੋ ਗਿਆ ਸੀ। ਪੰਜਾਬ ਵਿੱਚ ਕੱਲ੍ਹ ਰੇਲ ਗੱਡੀਆਂ ਚਾਲੂ ਹੋਣ ਨਾਲ ਪਲਾਂਟ ਵਿੱਚ ਪੁੱਜੀ ਮਾਲ ਗੱਡੀ ਨਾਲ ਆਏ ਕੋਲੇ ਸਦਕਾ ਅੱਜ ਬਾਅਦ ਦੁਪਹਿਰ ਇਸ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਵਰ ਪਲਾਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਹੀ ਪਹਿਲੇ ਯੂਨਿਟ ਨੇ ਬਿਜਲੀ ਉਤਪਾਦਨ ਆਰੰਭ ਕਰ ਦੇਣਾ ਹੈ।