ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੰਬਈ ਦੇ ਨਹਾਵਾ ਸੇਵਾ ਬੰਦਰਗਾਹ ’ਤੇ ਇੱਕ ਕੰਟੇਨਰ ਤੋਂ ਲਗਭਗ 73 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਏਈ ਤੋਂ ਹੈਰੋਇਨ ਦੀ ਤਸਕਰੀ ਸਬੰਧੀ ਖੁਫ਼ੀਆ ਜਾਣਕਾਰੀ ਮਿਲਣ ਮਗਰੋਂ ਪੰਜਾਬ ਅਤੇ ਮਹਾਰਾਸ਼ਟਰ ਪੁਲੀਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ। ਪੰਜਾਬ ਪੁਲੀਸ ਨੇ ਇਹ ਖੇਪ ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਇੱਕ ਕੰਟੇਨਰ ਤੋਂ 75 ਕਿੱਲੋ ਹੈਰੋਇਨ ਬਰਾਮਦ ਕਰਨ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਬਰਾਮਦ ਕੀਤੀ ਹੈ। ਇਸ ਬਰਾਮਦਗੀ ਨਾਲ ਪੰਜਾਬ ਪੁਲੀਸ ਨੇ ਤਿੰਨ ਦਿਨਾਂ ਅੰਦਰ ਕੁੱਲ 148 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਦਿੱਲੀ ਆਧਾਰਤ ਦਰਾਮਦਕਾਰ ‘ਨੰਦਨੀ ਟਰੇਡਰਜ਼’ ਵੱਲੋਂ ਦਰਾਮਦ ਕੀਤੇ ਗਏ ਚਿੱਟੇ ਸੰਗਮਰਮਰ ਦੀਆਂ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜ਼ੇ ਅੰਦਰ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਰੱਖਿਆ ਗਿਆ ਸੀ। ਮੁਲਜ਼ਮਾਂ ਨੇ ਦਰਵਾਜ਼ੇ ਨੂੰ ਬੜੀ ਸਾਵਧਾਨੀ ਨਾਲ ਵੈਲਡਿੰਗ ਕਰਕੇ ਇਸ ਨੂੰ ਦੁਬਾਰਾ ਪੇਂਟ ਕੀਤਾ ਸੀ। ਡੀਜੀਪੀ ਨੇ ਦੱਸਿਆ ਕਿ ਸੂਹ ਮਿਲਣ ਮਗਰੋਂ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ (ਐੱਸਐੱਸਓਸੀ) ਐੱਸਏਐੱਸ ਨਗਰ ਨੇ ਤੁਰੰਤ ਇੱਕ ਪੁਲੀਸ ਟੀਮ ਨੂੰ ਮੁੰਬਈ ਭੇਜਿਆ ਅਤੇ ਨਾਹਵਾ ਸੇਵਾ ਬੰਦਰਗਾਹ ’ਤੇ ਤਾਇਨਾਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਪੁਲੀਸ ਵੱਲੋਂ ਢੁੱਕਵੀਂ ਕਾਰਵਾਈ ਅਤੇ ਦਸਤਾਵੇਜ਼ਾਂ ਦੀ ਪੜਤਾਲ ਮਗਰੋਂ ਕੰਟੇਨਰ ਨੂੰ ਖੋਲ੍ਹਿਆ ਗਿਆ, ਜਿਸ ਵਿੱਚੋਂ 73 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪੁਲੀਸ ਅਗਲੇਰੀ ਜਾਂਚ ਕਰ ਰਹੀ ਹੈ।