ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਸਤੰਬਰ
ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਦੀ ਫ਼ਸਲ, ਸਬਜ਼ੀਆਂ ਤੇ ਹਰੇ ਚਾਰੇ ਦਾ ਭਾਰੀ ਨੁਕਸਾਨ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਐਤਕੀਂ 31 ਸਾਲਾਂ ਦੇ ਵਕਫੇ਼ ਦੌਰਾਨ ਪਹਿਲੀ ਵਾਰ ਸਤੰਬਰ ਮਹੀਨੇ ਮੌਨਸੂਨ ਵਾਪਸੀ ਸਮੇਂ ਰੁਕ ਗਿਆ, ਜਿਸ ਕਾਰਨ ਭਾਰੀ ਮੀਂਹ ਪਿਆ ਹੈ। ਇਸ ਮੀਂਹ ਨੇ ਪੰਜਾਬ ਤੇ ਹਰਿਆਣਾ ਵਿੱਚ ਪਿਛਲੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਨੇ ਭਲਕੇ 26 ਸਤੰਬਰ ਨੂੰ ਪੰਜਾਬ ’ਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਦੀਆਂ ਕੁਝ ਮੰਡੀਆਂ ਵਿੱਚ ਅਗੇਤਾ ਝੋਨਾ ਪੁੱਜਣਾ ਸ਼ੁਰੂ ਹੋ ਚੁੱਕਿਆ ਸੀ, ਜਿਥੇ ਝੋਨੇ ਦੀਆਂ ਢੇਰੀਆਂ ਪਾਣੀ ਵਿਚ ਰੁਲ਼ ਰਹੀਆਂ ਹਨ। ਦੂਜੇ ਪਾਸੇ ਮੀਂਹ ਤੇ ਤੇਜ਼ ਹਵਾ ਕਾਰਨ ਖੇਤਾਂ ਖੜ੍ਹੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ। ਕੁਝ ਥਾਵਾਂ ’ਤੇ ਫ਼ਸਲਾਂ ਪਾਣੀ ਵਿਚ ਡੁੱਬਣ ਦੀਆਂ ਵੀ ਰਿਪੋਰਟਾਂ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਨੁਕਸਾਨੀਆਂ ਫ਼ਸਲਾਂ ਲਈ ਸਰਕਾਰ ਮੁਆਵਜ਼ੇ ਦਾ ਐਲਾਨ ਕਰੇ। ਮੀਂਹ ਕਾਰਨ ਝੋਨੇ ਦੀ ਪੱਕੀ ਖੜ੍ਹੀ ਫ਼ਸਲ ਦੀ ਵਾਢੀ ਹੋਰ ਪੱਛੜ ਜਾਵੇਗੀ। ਦੂਜੇ ਪਾਸੇ ਲਗਾਤਾਰ ਪੈ ਰਹੇ ਮੀਂਹ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਕਈ ਥਾਵਾਂ ’ਤੇ ਰਜਵਾਹੇ ਟੁੱਟ ਗਏ, ਜਿਸ ਕਾਰਨ ਫ਼ਸਲਾਂ ਤੇ ਸੜਕਾਂ ਪਾਣੀ ਵਿਚ ਡੁੱਬ ਗਈਆਂ। ਮੀਂਹ ਕਾਰਨ ਬਾਜ਼ਾਰਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਕੁਝ ਥਾਵਾਂ ’ਤੇ ਨੁਕਸਾਨ ਹੋਣ ਦੀ ਵੀ ਸੂਚਨਾ ਮਿਲੀ ਹੈ। ਮੌਸਮ ਵਿਗਿਆਨੀ ਸ਼ਿਵੰਦਰ ਸਿੰਘ ਨੇ ਦੱਸਿਆ ਕਿ 26 ਸਤੰਬਰ ਦਿਨ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਉਧਰ ਮੀਂਹ ਪੈਣ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਮੌਸਮ ਵਿਚ ਠੰਢਕ ਕਾਰਨ ਤਾਪਮਾਨ ਕਾਫੀ ਡਿੱਗ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਮੀਂਹ ਕਾਰਨ ਬਿਜਲੀ ਦੀ ਮੰਗ ਵੀ ਘਟੀ ਹੈ। ਚੰਡੀਗੜ੍ਹ ਦਾ ਤਾਪਮਾਨ 25.9 ਡਿਗਰੀ ਸੈਲਸੀਅਸ, ਪਟਿਆਲਾ ’ਚ 29.2 ਡਿਗਰੀ ਸੈਲਸੀਅਸ, ਲੁਧਿਆਣਾ ’ਚ 28.6 ਡਿਗਰੀ ਸੈਲਸੀਅਸ, ਕਪੂਰਥਲਾ ’ਚ 25.5 ਡਿਗਰੀ ਸੈਲਸੀਅਸ, ਜਲੰਧਰ ’ਚ 28 ਡਿਗਰੀ ਸੈਲਸੀਅਸ ਤੇ ਬਠਿੰਡਾ ’ਚ 30.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਤਾਪਮਾਨ 2-3 ਡਿਗਰੀ ਸੈਲਸੀਅਸ ਘੱਟ ਰਿਹਾ ਹੈ।
ਮੀਂਹ ਕਾਰਨ ਪੁੰਗਰਨ ਲੱਗਿਆ ਝੋਨਾ
ਪਟਿਆਲਾ (ਖੇਤਰੀ ਪ੍ਰਤੀਨਿਧ): ਮੀਂਹ ਕਾਰਨ ਝੋਨੇ ਦੀ ਫ਼ਸਲ ਦਾ ਹਰ ਪੱਖਾਂ ਤੋਂ ਨੁਕਸਾਨ ਹੋਇਆ ਹੈ। ਐਤਕੀਂ ਪੱਕ ਚੁੱਕੀ ਝੋਨੇ ਦੀਆਂ ਮੁੰਜਰਾਂ ਪੁੰਗਰਨ ਲੱਗ ਪਈਆਂ ਹਨ। ਕਈ ਥਾਈਂ ਤਾਂ ਇਕ ਚੌਥਾਈ ਹਿੱਸਾ ਫ਼ਸਲ ਪੁੰਗਰ ਚੁੱਕੀ ਹੈ। ਖੜ੍ਹੀ ਫ਼ਸਲ ਦੇ ਪੁੰਗਰਨ ਦੀ ਇਸ ਘਟਨਾ ਕਿਸਾਨੀ ਲਈ ਵੱਡੀ ਵਿੱਤੀ ਸੱਟ ਮਾਰੇਗੀ। ਪੁੰਗਰਿਆ ਝੋਨਾ ਵੇਚਣਾ ਕਿਸਾਨ ਹੀ ਨਹੀਂ ਬਲਕਿ ‘ਆਪ’ ਸਰਕਾਰ ਲਈ ਵੀ ਚੁਣੌਤੀ ਬਣੇਗਾ ਹੈ। ਐਤਕੀਂ ਸੂਬੇ ’ਚ 31 ਲੱਖ ਹੈਕਟੇਅਰ ਰਕਬੇ ’ਚ ਝੋਨਾ ਲੱਗਿਆ ਹੈ। ਅਧਿਕਾਰੀ ਖ਼ਰਾਬੇ ਦੇ ਅੰਕੜੇ ਘੱਟ ਦੱਸ ਰਹੇ ਹਨ ਪਰ ਕਿਸਾਨ 30 ਤੋਂ 50 ਫ਼ੀਸਦੀ ਤੱਕ ਨੁਕਸਾਨ ਦੱਸਦੇ ਹਨ। ਪੁੰਗਰਨ ਤੋਂ ਇਲਾਵਾ ਖੇਤਾਂ ’ਚ ਖੜ੍ਹੇ ਪਾਣੀ ’ਤੇ ਵਿਛੀ ਪੱਕੀ ਫ਼ਸਲ ਦੇ ਦਾਣੇ ਵੀ ਨੁਕਸਾਨੇ ਗਏ ਹਨ। ਪੱਕੀ ਫ਼ਸਲ ਦੇ ਪੁੰਗਰਨ ਦੀਆਂ ਘਟਨਾਵਾਂ ਪਟਿਆਲਾ, ਸੰਗਰੂਰ ਅਤੇ ਮੁਹਾਲੀ ਜ਼ਿਲ੍ਹਿਆਂ ’ਚ ਵਧੇਰੇ ਵਾਪਰੀਆਂ ਹੋਣ ਦੀ ਰਿਪੋਰਟ ਹੈ। ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਪਟਿਆਲਾ, ਸੰਗਰੂਰ, ਮੁਹਾਲੀ ’ਚ ਫ਼ਸਲ ਪੁੰਗਰਨ ਦੀ ਗੱਲ ਤਾਂ ਮੰਨੀ ਹੈ, ਪਰ ਉਨ੍ਹਾਂ ਕਿਹਾ ਕਿ ਅਸਲ ਸਥਿਤੀ ਮੁਕੰਮਲ ਰਿਪੋਰਟਾਂ ਮਗਰੋਂ ਸਾਹਮਣੇ ਆਵੇਗੀ।