ਪਾਲ ਸਿੰਘ ਨੌਲੀ
ਜਲੰਧਰ, 15 ਅਪਰੈਲ
ਸੁਲਤਾਨਪੁਰ ਲੋਧੀ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਪੁਰਾਣਾ ਠੱਠਾ ਦੇ ਮੁਖੀ ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਸਸਕਾਰ ਮੌਕੇ ਅੱਜ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਰਦਾਸ ਦੌਰਾਨ ਹੀ ਅਗਲੇ ਮੁਖੀ ਦਾ ਨਾਂ ਐਲਾਨ ਦਿੱਤਾ। ਇਸ ਮਗਰੋਂ ਉਥੇ ਰੌਲਾ ਪੈ ਗਿਆ ਤੇ ਕੁਝ ਲੋਕਾਂ ਨੇ ਸਖ਼ਤ ਇਤਰਾਜ਼ ਕੀਤਾ। ਖਿੱਚ-ਧੂਹ ਵਿੱਚ ਜਥੇਦਾਰ ਦੀ ਦਸਤਾਰ ਲੱਥ ਗਈ ਤੇ ਉਨ੍ਹਾਂ ਦੇ ਗੰਨਮੈਨ ਨੇ ਇੱਕ ਕਮਰੇ ਵਿੱਚ ਲਿਜਾ ਕੇ ਉਨ੍ਹਾਂ ਨੂੰ ਬਚਾਇਆ। ਗਿਆਨੀ ਇਕਬਾਲ ਸਿੰਘ ਦਾ ਦਾਅਵਾ ਸੀ ਕਿ ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਨੇ ਪੰਜਾਂ ਪਿਆਰਿਆਂ ਦੀ ਹਾਜ਼ਰੀ ਵਿੱਚ ਭਾਈ ਜਸਪਾਲ ਸਿੰਘ ਨੂੰ ਅਗਲਾ ਮੁਖੀ ਨਾਮਜ਼ਦ ਕੀਤਾ ਹੋਇਆ ਸੀ।
ਸੰਗਤ ਇਸ ਗੱਲ ’ਤੇ ਅੜੀ ਹੋਈ ਸੀ ਕਿ ਜਦੋਂ ਤੱਕ ਗਿਆਨੀ ਇਕਬਾਲ ਸਿੰਘ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਕੋਈ ਫੈ਼ਸਲਾ ਨਹੀਂ ਹੋਵੇਗਾ। ਇਸ ਮਗਰੋਂ ਗਿਆਨੀ ਇਕਬਾਲ ਸਿੰਘ ਨੇ ਲਿਖਤੀ ਮੁਆਫ਼ੀ ਮੰਗੀ, ਜਿਸ ਨੂੰ ਸੰਗਤ ਵਿੱਚ ਪੜ੍ਹ ਕੇ ਸੁਣਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਗੁਰੂ ਘਰ ਦੇ ਕੰਮਕਾਜ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰਨਗੇ। ਇਸ ਤੋਂ ਬਾਅਦ ਪੁਲੀਸ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਲੈ ਗਈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਭਾਈ ਅਵਤਾਰ ਸਿੰਘ ਤੇ ਭਾਈ ਜਸਪਾਲ ਸਿੰਘ ਦੋਵੇਂ ਦਾਅਵਾ ਕਰ ਰਹੇ ਹਨ।
ਇਸ ਬਾਰੇ ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਮੌਕੇ ਅਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ। ਇਸ ਲਈ ਉਨ੍ਹਾਂ ਸੰਗਤ ਤੋਂ ਮੁਆਫੀ ਮੰਗ ਕੇ ਭਵਿੱਖ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਭਰੋਸਾ ਦਿੱਤਾ ਹੈ।