ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਫਰਵਰੀ
ਚੋਣ ਪ੍ਰਚਾਰ ਦੇ ਆਖਰੀ ਦਿਨ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਭੰਡਾਰੀ ਪੁਲ ’ਤੇ ਬਣਾਏ ਨਵੇਂ ਪੁਲ ਨੂੰ ਅਧੂਰੀ ਹਾਲਤ ਵਿੱਚ ਹੀ ਲੋਕਾਂ ਲਈ ਖੋਲ੍ਹ ਦਿੱਤਾ ਹੈ। ਇਸ ਮੌਕੇ ਉਨ੍ਹਾਂ ਇੱਕ ਵਚਨ ਪੱਤਰ ਵੀ ਜਾਰੀ ਕੀਤਾ, ਜਿਸ ਵਿੱਚ ਹਲਕੇ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਸ਼ਾਮਲ ਹਨ। ਭੰਡਾਰੀ ਪੁਲ ’ਤੇ ਬਣੇ ਇਸ ਨਵੇਂ ਪੁਲ ਉੱਤੇ ਫਿਲਹਾਲ ਸੜਕ ਬਣਨੀ ਹੈ। ਪੁਲ ’ਤੇ ਸਿਰਫ਼ ਮਿੱਟੀ ਪਾਈ ਗਈ ਹੈ ਅਤੇ ਲੁੱਕ ਪਾਉਣੀ ਬਾਕੀ ਹੈ ਪਰ ਇਸ ਨੂੰ ਚੋਣਾਂ ਵਿੱਚ ਲਾਭ ਦੇ ਮੱਦੇਨਜ਼ਰ ਅਧੂਰੀ ਹਾਲਤ ਵਿੱਚ ਹੀ ਖੋਲ੍ਹ ਦਿੱਤਾ ਗਿਆ ਹੈ। ਦਾਅਵਾ ਕੀਤਾ ਗਿਆ ਕਿ ਹਫ਼ਤੇ ਵਿੱਚ ਹੀ ਪੁਲ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ। ਇਹ ਪੁਲ ਬਣਾਉਣਾ ਨਵਜੋਤ ਸਿੰਘ ਸਿੱਧੂ ਦਾ ਸੁਫ਼ਨਾ ਸੀ, ਜਿਸ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਟਕਦਾ ਰਿਹਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਪੁਲ ਨੂੰ ਚੌੜਾ ਕਰਨ ਅਤੇ ਨਵਾਂ ਬਣਾਉਣ ਲਈ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਮਰਨ ਵਰਤ ਰੱਖਿਆ ਸੀ। ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਲ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਇਕ ਮਹੀਨੇ ਬਾਅਦ ਹੀ ਉਹ ਆਪਣੇ ਵਾਅਦੇ ਤੋਂ ਭੱਜ ਗਏ ਸਨ। ਕੈਪਟਨ ਸਰਕਾਰ ਵੇਲੇ ਇਸ ਪੁਲ ਸਮੇਤ ਪੰਜ ਪੁਲਾਂ ਲਈ 170 ਕਰੋੜ ਰੁਪਏ ਦਿੱਤੇ ਗਏ ਪਰ ਬਾਅਦ ਵਿੱਚ ਉਨ੍ਹਾਂ ਇਸ ਕੰਮ ਨੂੰ ਰੋਕ ਦਿੱਤਾ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਦੋਵਾਂ ਮੁੱਖ ਮੰਤਰੀਆਂ ਨੇ ਉਨ੍ਹਾਂ ਦੇ ਕੰਮਾਂ ਨੂੰ ਰੋਕਿਆ ਹੈ। ਉਨ੍ਹਾਂ ਦੱਸਿਆ ਕਿ ਕਿਚਲੂ ਚੌਕ ਦਾ ਪੁਲ ਬਣਵਾਇਆ ਹੈ ਪਰ ਫੋਰਐੱਸ ਚੌਕ ਵਾਲੇ ਪੁਲ ਦੀ ਉਸਾਰੀ ਵਿੱਚ ਕਈ ਵਿਘਨ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਵੱਲਾ ਸਬਜ਼ੀ ਮੰਡੀ ਅਤੇ ਜੌੜਾ ਫਾਟਕ ਵਿੱਚ ਰੇਲਵੇ ਲਾਈਨਾਂ ’ਤੇ ਬਣ ਰਹੇ ਪੁਲ ਵੀ ਜਲਦੀ ਮੁਕੰਮਲ ਹੋਣਗੇ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਮੁੱਦਿਆਂ ’ਤੇ ਰਾਜਨੀਤੀ ਕੀਤੀ ਹੈ ਅਤੇ ਉਹ ਸੂਬੇ ਦੀ ਰਾਜਨੀਤੀ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ, ਮਾਫੀਆ ਰਾਜ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁੱਦੇ ਉਠਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਲੋਕਾਂ ਨੇ ਮਾਫੀਆ ਨੂੰ ਪਛਾੜਨ ਲਈ ਸਾਥ ਨਾ ਦਿੱਤਾ ਤਾਂ ਪੰਜਾਬ ਫਿਰ ਪੱਛੜਨ ਵਾਲੀ ਲੀਹ ’ਤੇ ਪੈ ਜਾਵੇਗਾ। ਆਪਣਾ ਵਚਨ ਪੱਤਰ ਜਾਰੀ ਕਰਦਿਆਂ ਨਵਜੋਤ ਸਿੱਧੂ ਨੇ ਦੱਸਿਆ ਕਿ ਇਸ ਵਿੱਚ ਉਨ੍ਹਾਂ ਦੀਆਂ ਪੂਰਬੀ ਹਲਕੇ ਵਿਚਲੀਆਂ ਪਿਛਲੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ ਅਤੇ ਚੱਲ ਰਹੇ ਕਾਰਜਾਂ ਦੇ ਵੀ ਵੇਰਵੇ ਦਰਜ ਹਨ।
ਇਸ ਹਲਕੇ ਵਿੱਚ ਸ੍ਰੀ ਸਿੱਧੂ ਦਾ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਸਖਤ ਮੁਕਾਬਲਾ ਬਣਿਆ ਹੋਇਆ ਹੈ, ਜਿੱਥੋਂ ਆਮ ਆਦਮੀ ਪਾਰਟੀ ਵੱਲੋਂ ਡਾ. ਜੀਵਨਜੋਤ ਕੌਰ ਅਤੇ ਭਾਜਪਾ ਵੱਲੋਂ ਡਾ. ਜਗਮੋਹਨ ਸਿੰਘ ਰਾਜੂ ਸਾਬਕਾ ਆਈਏਐੱਸ ਅਧਿਕਾਰੀ ਵੀ ਮੈਦਾਨ ਵਿੱਚ ਹਨ।