ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਗਸਤ
ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਪਟਿਆਲਾ, ਮੁਹਾਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਹੋਰਨਾਂ ਦੁਕਾਨਾਂ ਸਮੇਤ ਸ਼ਰਾਬ ਦੇ ਠੇਕੇ ਵੀ ਸ਼ਾਮ ਸਾਢੇ ਛੇ ਵਜੇ ਬੰਦ ਕਰਨ ਦੇ ਹੁਕਮਾਂ ਕਾਰਨ ਠੇਕੇਦਾਰਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਦਾ ਤਰਕ ਹੈ ਕਿ ਇਸ ਨਾਲ ਜਿੱਥੇ ਸਰਕਾਰੀ ਫੀਸ ਅਦਾ ਕਰਨ ਵਾਲੇ ਠੇਕੇਦਾਰਾਂ ਨੂੰ ਕਰੋੜਾਂ ਦਾ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ, ਉਥੇ ਹੀ ਸ਼ਰਾਬ ਤਸਕਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਠੇਕੇਦਾਰਾਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਠੇਕੇ ਬੰਦ ਕਰਨ ਦਾ ਪਹਿਲਾਂ ਵਾਲਾ ਸਮਾਂ ਬਹਾਲ ਨਾ ਕੀਤਾ ਗਿਆ, ਤਾਂ ਉਹ ਪਹਿਲੀ ਸਤੰਬਰ ਨੂੰ ਠੇਕਿਆਂ ਦੀਆਂ ਚਾਬੀਆਂ ਡੀਸੀ ਰਾਹੀਂ ਸਰਕਾਰ ਨੂੰ ਸੌਂਪ ਦੇਣਗੇ। ਇਹ ਫ਼ੈਸਲਾ ਬਲਿਹਾਰ ਸਿੰਘ, ਬਲਵੰਤ ਰਾਏ, ਮੰਗਤ ਰਾਏ, ਨਰਪਤ ਸਿੰਗਲਾ, ਅਸ਼ੋਕ ਸਿੰਗਲਾ, ਲਵਲੀ ਸਰੀਨ ਤੇ ਕੇਸ਼ਵ ਸਿੰਗਲਾ ਵੱਲੋਂ ਲਿਆ ਗਿਆ ਹੈ।