ਇਕਬਾਲ ਸਿੰਘ ਸ਼ਾਂਤ
ਲੰਬੀ, 7 ਅਗਸਤ
ਮੁੱਖ ਅੰਸ਼
- ਕੋਚ ਰਾਖੀ ਤਿਆਗੀ ਦਾ ਵੀ ਹੋਇਆ ਮਾਣ-ਸਤਿਕਾਰ
ਟੋਕੀਓ ੳਲੰਪਿਕ ਵਿੱਚ ਡਿਸਕਸ ਥਰੋਅ ਦੇ ਫਾਈਨਲ ਤੱਕ ਪਹੁੰਚਣ ਵਾਲੀ ਭਾਰਤੀ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਪਿੰੰਡ ਕਬਰਵਾਲਾ ਪੁੱਜਣ ’ਤੇ ਆਮ ਲੋਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਕਮਲਪ੍ਰੀਤ ਕੌਰ ਦੀ ਕੋਚ ਰਾਖੀ ਤਿਆਗੀ ਦਾ ਵੀ ਮਾਣ-ਸਤਿਕਾਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵਾਗਤ ਲਈ ਕਮਲਪ੍ਰੀਤ ਕੌਰ ਦੇ ਚਿਹਰੇ ਵਾਲੇ ਮਾਸਕ ਪਹਿਨੇ 30-40 ਸਕੂਲੀ ਵਿਦਿਆਰਥੀ ਅਤੇ ਤਿੰਨ ਢੋਲਚੀ ਬੁਲਾਏ ਹੋਏ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੇ ਕਿਹਾ ਕਿ ਕਮਲਪ੍ਰੀਤ ਦੀ ਪ੍ਰਾਪਤੀ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਹੈ। ਉਨ੍ਹਾਂ ਭਵਿੱਖੀ ਕੌਮਾਂਤਰੀ ਖੇਡਾਂ ’ਚ ਕਮਲਪ੍ਰੀਤ ਕੌਰ ਤੋਂ ਹੋਰ ਚੰਗੇ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਬਤੌਰ ਜ਼ਿਲ੍ਹਾ ਅੰਬੈਸਡਰ ਕਮਲਪ੍ਰੀਤ ਕੌਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਕਮਲਪ੍ਰੀਤ ਕੌਰ ਨੇ ਵੀ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦਾ ਭਰਵੇਂ ਸਵਾਗਤ ਲਈ ਧੰਨਵਾਦ ਕੀਤਾ। ਕਮਲਪ੍ਰੀਤ ਕੌਰ ਦੇ ਮਾਪੇ ਕੁਲਦੀਪ ਸਿੰਘ ਅਤੇ ਹਰਜਿੰਦਰ ਕੌਰ, ਦਾਦਾ ਗੁਰਬਖਸ਼ ਸਿੰਘ, ਦਾਦਾ-ਚਾਚਾ ਸਵਰਨ ਸਿੰਘ ਸਾਬਕਾ ਸਰਪੰਚ, ਦਾਦੀ ਗੁਰਬਿੰਦਰ ਕੌਰ, ਚਚੇਰੀ ਭੈਣ ਨਵਦੀਪ ਕੌਰ, ਹਰਜੋਤ ਰੱਤਾਖੇੜਾ, ਭਰਾ ਸਤਿੰਦਰ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਡੀ. ਸੁਡਰਵਿਲੀ, ਡਿਪਟੀ ਕਮਿਸ਼ਨਰ ਦੇ ਪਿਤਾ ਕੁੱਪੂ ਸਵਾਮੀ, ਐੱਸਡੀਐੱਮ ਗੋਪਾਲ ਸਿੰਘ, ਡੀਐੱਸਪੀ ਜਸਪਾਲ ਸਿੰਘ ਤੇ ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਮੌਜੂਦ ਸਨ। ਇਸ ਮੌਕੇ ਕਮਲਪ੍ਰੀਤ ਕੌਰ ਨੇ ਆਖਿਆ ਕਿ ਟੋਕੀਓ ਓਲੰਪਿਕ ਵਿੱਚੋਂ ਉਸ ਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ। ਓਲੰਪਿਕ ਵਿੱਚ ਦੁਨੀਆ ਭਰ ਦੇ ਅਥਲੀਟਾਂ ਦੇ ਪ੍ਰਦਰਸ਼ਨ ਦੇ ਢੰਗ ਉਸ ਲਈ ਵੱਡਾ ਰੋਲ ਨਿਭਾਉਣਗੇ। ਇਨ੍ਹਾਂ ਦੇ ਆਧਾਰ ’ਤੇ ਉਹ ਆਪਣੀਆਂ ਕਮੀਆਂ ਨੂੰ ਗੁਣਾਂ ਵਿੱਚ ਬਦਲ ਕੇ ਭਾਰਤ ਦਾ ਨਾਂ ਰੌਸ਼ਨ ਕਰੇਗੀ। ਇਸ ਮੌਕੇ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਡੀਪੀਐੱਸ ਖਰਬੰਦਾ ਨੇ ਕਿਹਾ ਕਿ ਪੰਜਾਬ ਵਿੱਚੋਂ ਟੋਕੀਓ ਓਲੰਪਿਕ ’ਚ ਖੇਡਣ ਗਏ ਹਰ ਖਿਡਾਰੀ ਦਾ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਲੰਪਿਕ ਵਾਲੇ 19 ਅਤੇ ਪੈਰਾ ਓਲੰਪਿਕ ਸਮੇਤ ਵੀਹ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਲਪ੍ਰੀਤ ਕੌਰ ਅਤੇ ਹੋਰਨਾਂ ਖਿਡਾਰੀਆਂ ਲਈ ਸਰਕਾਰ ਵੱਲੋਂ ਯੋਗ ਐਲਾਨ ਕੀਤੇ ਜਾਣਗੇ। ਇਸ ਦੌਰਾਨ ਮਲੌਟ ’ਚ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕਾਂ ਨੇ ਕਮਲਪ੍ਰੀਤ ਕੌਰ ਦਾ ਸਵਾਗਤ ਕੀਤਾ।