ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਦਸੰਬਰ
ਸੀਬੀਐੱਸਈ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉਤਰ ਸਿਰਫ ਵੱਡੇ ਅੱਖਰਾਂ ਵਿਚ ਲਿਖਣਗੇ। ਇਸ ਤੋਂ ਪਹਿਲਾਂ ਛੋਟੇ ਅੱਖਰਾਂ ਵਿਚ ਉਤਰ ਲਿਖਣ ਕਾਰਨ ਪੇਪਰ ਚੈੱਕ ਕਰਨ ਤੇ ਉਨ੍ਹਾਂ ਦੇ ਸਹੀ ਅੰਕ ਦੇਣ ਵਿਚ ਸਮੱਸਿਆ ਆ ਰਹੀ ਸੀ। ਬੋਰਡ ਨੇ ਸੁਪਰਡੈਂਟਾਂ ਤੇ ਸਕੂਲ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਫ਼ੈਸਲੇ ਨੂੰ 7 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਵਿਚ ਵੀ ਲਾਗੂ ਕਰਵਾਉਣ। ਇਸ ਦੇ ਨਾਲ ਹੀ ਬੋਰਡ ਨੇ ਫੈਸਲਾ ਕੀਤਾ ਹੈ ਕਿ ਪ੍ਰੀਖਿਆਵਾਂ ਲੇਟ ਹੋਣ ਕਾਰਨ ਹੁਣ ਅਪਰੇਸ਼ਨਲ ਕੋਡ ਤੇ ਪਾਸਵਰਡ ਸਮੇਂ ਸਿਰ ਭੇਜੇ ਜਾਣਗੇ।
ਸੀਬੀਐੱਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਪੱਤਰ ਲਿਖ ਕੇ ਕਿਹਾ ਕਿ ਭਲਕੇ ਤੇ ਬਾਅਦ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਵਿਦਿਆਰਥੀ ਜਵਾਬਾਂ ਦੀ ਆਪਸ਼ਨ ਵੱਡੇ ਅੱਖਰਾਂ ਏ, ਬੀ, ਸੀ ਤੇ ਡੀ ਵਿਚ ਭਰਨ। ਕਰੋਨਾ ਕਾਰਨ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰਾਂ ਦੇ ਬੰਡਲ ਨਹੀਂ ਭੇਜੇ ਜਾ ਰਹੇ ਤੇ ਇਸ ਸਬੰਧੀ ਸਕੂਲਾਂ ਨੂੰ ਸਵੇਰੇ 9.45 ਵਜੇ ਅਪਰੇਸ਼ਨਲ ਕੋਡ ਭੇਜਿਆ ਜਾਂਦਾ ਸੀ ਤੇ 10 ਵਜੇ ਪਾਸਵਰਡ ਭੇਜੇ ਜਾਂਦੇ ਸੀ ਪਰ ਤਿੰਨ ਵਾਰ ਇਹ ਲੇਟ ਹੋਣ ਕਾਰਨ ਪ੍ਰੀਖਿਆਵਾਂ 11.30 ਦੀ ਥਾਂ 12 ਵਜੇ ਸ਼ੁਰੂ ਹੋਈਆਂ। ਇਸ ਤੋਂ ਬਾਅਦ ਹੁਣ ਬੋਰਡ ਨੇ ਕਿਹਾ ਹੈ ਕਿ ਅਪਰੇਸ਼ਨਲ ਕੋਡ 9.30 ਵਜੇ ਤਕ ਤੇ ਪਾਸਵਰਡ 9.40 ਵਜੇ ਤਕ ਭੇਜ ਦਿੱਤੇ ਜਾਣਗੇ ਤਾਂ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।